User login

Punjabi

ਬੁਰੇ ਦਿਨਾਂ ਵਿੱਚ ਇੱਕ ਚੰਗੀ ਖ਼ਬਰ - ਭਾਰਤ ਚੰਦ ਉੱਤੇ...

ਜਿਵੇਂ ਕਿ ਸਭ ਨੂੰ ਪਤਾ ਲੱਗ ਹੀ ਗਿਆ ਹੈ ਕਿ ਭਾਰਤ ਵਲੋਂ ਗ਼ੈਰ-ਇਨਸਾਨੀ ਪਹਿਲਾਂ
ਪੁਲਾੜੀ ਜਹਾਜ਼ ਚੰਦ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਹ ਸਫ਼ਲਤਾ ਭਰੀ ਖ਼ਬਰ
ਇੱਕ ਅਜਿਹੇ ਮੌਕੇ ਆਈ ਹੈ, ਜਦੋਂ ਕਿ ਭਾਰਤ ਸਾਰੀ ਦੁਨਿਆਂ ਦੇ ਨਾਲ ਬਹੁਤ ਹੀ
ਬੁਰੇ ਸਮੇਂ ਵਿੱਚ ਲੰਘ ਰਿਹਾ ਹੈ। ਅੱਜ ਜਦੋਂ ਕਿ ਰੋਜ਼ ਸ਼ੇਅਰ ਬਾਜ਼ਾਰ ਡੁੱਬਣ, ਨੌਕਰੀਆਂ
ਗੁਆਚਣ ਦੀਆਂ ਖ਼ਬਰਾਂ ਨਾਲ ਅਖ਼ਬਾਰ ਭਰੇ ਹੁੰਦੇ ਹਨ, ਜਦੋਂ ਸ਼ਿਵ ਸੈਨਾ ਅਤੇ
ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਵਿੱਚ 200 ਸਰਕਾਰੀ ਬੱਸਾਂ ਫੂਕਣ, ਬਿਹਾਰੀਆਂ
ਨੂੰ ਕੁੱਟ ਮਾਰਨ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਹਨ, ਉਸ ਮੌਕੇ ਚੰਦਰਯਾਨ-1
ਵਰਗੀਆਂ ਖ਼ਬਰਾਂ ਬਹੁਤ ਹੀ ਮਹੱਤਵਪੂਰਨ ਹੋ ਜਾਂਦੀਆਂ ਹਨ।

ਬੀਬੀਸੀ ਦੀ ਖ਼ਬਰ ਮੁਤਾਬਕ ਇਹ ਰਾਕੇਟ
ਕਰੀਬ 6:20 ਵਜੇ ਸਵੇਰੇ ਛੱਡਿਆ ਗਿਆ ਹੈ, ਇਸ ਨਾਲ ਭਾਰਤ ਰੂਸ, ਅਮਰੀਕਾ, ਚੀਨ, ਜਾਪਾਨ ਵਰਗੇ ਮੁਲਕਾਂ
ਦੀ ਲਿਸਟ ਵਿੱਚ ਆ ਗਿਆ ਹੈ, ਜੋ ਕਿ ਚੰਦ ਦੀ ਯਾਤਰਾ ਕਰ ਚੁੱਕੇ ਹਨ। ਸਭ ਤੋਂ ਖਾਸ
ਗੱਲ ਰਹੀ ਹੈ ਖ਼ਰਚ - ਭਾਰਤ ਨੇ ਇਸ ਵਾਸਤੇ ਕੁੱਲ 3.8 ਬਿਲੀਅਨ ਰੁਪਏ
( 3,80,00,00,000 ਰੁਪਏ - 3 ਖਰਬ, 80 ਅਰਬ) ਦੇ ਇਹ ਛੱਡਿਆ ਹੈ, ਜੋ ਕਿ
ਚੀਨ ਦੇ ਖ਼ਰਚ ਤੋਂ ਅੱਧਾ ਅਤੇ ਜਾਪਾਨ ਦੇ ਖਰਚ ਤੋਂ ਤੀਜਾ ਹਿੱਸਾ ਹੀ ਹੈ। ਇਹ ਸਸਤਾ
ਮਾਲ ਬਣਾਉਣ ਵਿੱਚ ਭਾਰਤ ਦੀ ਮਹਾਰਤ ਦਾ ਨਤੀਜਾ ਹੈ, ਜੋ ਕਿ ਇਹ ਤਹਿ ਕਰਦਾ ਹੈ ਕਿ
ਆਉਣ ਵਾਲੇ ਸਮੇਂ ਵਿੱਚ ਭਾਰਤ ਸੰਸਾਰ ਨੂੰ ਬੇਹਤਰ ਨਤੀਜੇ ਸਸਤੇ ਰੇਟਾਂ ਉੱਤੇ ਦੇ ਸਕਦਾ ਹੈ।
ਚੀਨ ਤੋਂ ਵੀ ਘੱਟ।

ਚੰਦ ਉੱਤੇ ਪਰਕਰਮਾ ਕਰਨ ਦੌਰਾਨ ਇਹ ਭਾਰਤੀ ਝੰਡਾ ਚੰਦ ਉੱਤੇ ਸੁੱਟੇਗਾ
(ਹਾਂ ਇਹ ਚੰਦ ਉੱਤੇ ਉਤਰਨ ਨਹੀਂ ਜਾ ਰਿਹਾ, ਬੱਸ ਦੁਆਲੇ ਗੇੜੇ ਲਾਵੇਗਾ 2 ਸਾਲ)।
ਅਤੇ ਜੇ ਇਹ ਸਫ਼ਲ ਰਿਹਾ ਤਾਂ ਭਾਰਤ ਉਹ 4ਥਾ ਮੁਲਕ ਹੋਵੇਗਾ (ਰੂਸ, ਅਮਰੀਕਾ ਅਤੇ ਜਾਪਾਨ ਬਾਅਦ)
ਜਿੰਨ੍ਹਾਂ ਇਹ ਕਾਰਾ ਕੀਤਾ ਹੋਵੇਗਾ।

ਇਹ ਸਭ ਤੋਂ ਬਿਨਾਂ ਕੁਝ ਲੋਕਾਂ ਨੇ ਇਸ ਦੀ ਅਲੋਚਨਾ ਵੀ ਕੀਤੀ ਹੈ ਕਿ ਭਾਰਤ
ਵਰਗੇ ਗਰੀਬ ਮੁਲਕ ਨੂੰ ਅਜਿਹੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ, ਪਰ ਇਹ
ਸਮਝਣਾ ਚਾਹੀਦਾ ਹੈ, ਕਿ ਦੁਨਿਆਂ ਵਿੱਚ ਆਪਣੀ ਟੌਹਰ ਬਣਾਉਣ ਅਤੇ ਧੌਂਸ
ਕਾਇਮ ਰੱਖਣ ਲਈ ਖਰਚੇ ਕਰਨੇ ਜ਼ਰੂਰੀ ਹੁੰਦੇ ਹਨ ਅਤੇ ਅੱਜ ਦੇ ਦੌਰ ਵਿੱਚ
ਇਹ ਖ਼ਬਰ ਨੇ ਇੱਕ ਚੰਗੇ ਸੰਕੇਤ ਦਿੱਤੇ ਹਨ, ਅਤੇ ਇਸ ਨਾਲ ਕੱਲ੍ਹ ਨੂੰ ਪੈਸੇ
ਕਮਾਉਣ ਲਈ ਸਾਧਨ ਵੀ ਕਾਇਮ ਹੋ ਸਕਦਾ ਹੈ, ਅੱਗੇ ਵੀ ਭਾਰਤ
ਨੇ ਹੋਰਾਂ ਦੇਸ਼ਾਂ ਦੇ ਉਪਗ੍ਰਹਿ ਸਫ਼ਲਤਾਪੂਰਕ ਭੇਜੇ ਹਨ ਅਤੇ ਹੁਣ ਇਹ
ਕਦਮ ਭਾਰਤ ਦੀ ਇਹ ਯਾਤਰਾ ਵਿੱਚ ਮੀਲ ਪੱਥਰ ਹੈ।
ਇਸ ਮੌਕੇ ਇਹ ਦੀ ਤਾਰੀਫ਼ ਕਰਨੀ ਹੀ ਫ਼ਰਜ਼ ਬਣਦਾ ਹੈ।

ਫਾਇਰਫਾਕਸ 3.1 ਬੀਟਾ 1 - ਪੰਜਾਬੀ ਵਿੱਚ!

ਇੱਕ ਵਾਰ ਟੈਸਟ ਕਰਨ ਲਈ ਫਾਇਰਫਾਕਸ 3.1 ਬੀਟਾ 1ਉਪਲੱਬਧ ਹੋ ਗਿਆ ਹੈ।
ਪੰਜਾਬੀ ਵੀ ਉਪਲੱਬਧ ਹੈ (ਹਮੇਸ਼ਾਂ ਵਾਂਗ)

ਵਿੰਡੋ ਲਈ ਡਾਊਨਲੋਡ ਲਿੰਕ ਹੈ:
Windows Punjabi Firefox 3.1beta

ਮੈਕ ਲਈ:
Mac Punjabi Firefox 3.1beta

ਲੀਨਕਸ ਲਈ:
Linux Punjabi Firefox 3.1beta

ਜੇ ਹੋ ਸਕੇ ਤਾਂ ਇੱਕ ਵਾਰ ਡਾਊਨਲੋਡ ਤਾਂ ਜ਼ਰੂਰ ਕਰਿਓ ਤਾਂ ਕਿ ਪੰਜਾਬੀ ਲਈ ਮੋਜ਼ੀਲਾ ਨੂੰ ਸ਼ੱਕ ਨਾ ਰਹਿ ਜਾਵੇ [1]
ਹੋਰ ਜਾਣਕਾਰੀ ਲਈ ਪੇਜ਼
ਵੇਖੋ।


ਇੱਕ ਵਾਰ ਡਾਊਨਲੋਡ ਕਰਕੇ ਹੋ ਸਕੇ ਤਾਂ ਸੁਝਾਅ ਭੇਜਣ ਦੀ ਖੇਚਲ ਕਰਨੀ, ਤਾਂ ਕਿ
ਅਗਲੇ ਹਫ਼ਤੇ ਅਨੁਵਾਦ ਵਿੱਚ ਸੁਧਾਰ ਕੀਤਾ ਜਾ ਸਕੇ, ਫਿਲਹਾਲ ਮੇਰੇ ਕੋਲ ਇੱਕ ਮੁੱਦਾ ਹੈ:
ਜਦੋਂ ਚੁਣੇ ਹੋਏ ਟੈਕਸਟ ਨੂੰ ਇਹ ਲਿੰਕ ਦੇ ਰੂਪ ਵਿੱਚ ਵੇਖਾਉਦਾ, ਇਹ ਅਨੁਵਾਦ ਦੀ ਸਮੱਸਿਆ ਜਾਪਦੀ ਹੈ,
ਇਸ ਨੂੰ ਬੀਟਾ 2 ਵਿੱਚ ਸੁਧਾਰਨ ਦੀ ਕੋਸ਼ਿਸ਼ ਰਹੇਗੀ। (ਏ. ਐਸ. ਕੰਗ ਜੀ ਦਾ ਇਸ ਮੁੱਦੇ ਲਈ ਧੰਨਵਾਦ ਹੈ)।

[1] ਮੋਜ਼ੀਲਾ ਬੱਗ
ਬੱਗ ਮੁਤਾਬਕ ਔਸਤ ਪੰਜਾਬੀ ਲਈ ਹਿੱਟ 100 ਰੋਜ਼ਾਨਾ ਹੈ, ਮੈਨੂੰ ਥੋੜ੍ਹੀ ਹੈਰਾਨੀ ਹੋਈ ਕਿ 100 ਕਿੱਥੋ ਹੋ ਗਏ, ਸੱਚੀ
ਐਨੀ ਉਮੀਦ ਨਹੀਂ ਸੀ। ਬਾਕੀ ਮੋਜ਼ੀਲਾ ਸਿਸਟਮ ਐਡਮਿਨ ਦੇ ਸ਼ਬਦ ਖੁਦ ਪੜ੍ਹ ਲਵੋ ਜੀ!

"For the most part it looks like we have about 100 Active Daily users for pa-IN.
There is a strange couple of days just recently where we had a huge spike.
aug 21,22... Can anyone think of what might have caused this? Holiday or any
other event? I could have just been an error in our reporting system...

Here is the data for those two days and the last 15.

2008-08-21 7,004
2008-08-22 533
...
2008-10-01 110
2008-10-02 94
2008-10-03 115
2008-10-04 99
2008-10-05 93
2008-10-06 107
2008-10-07 106
2008-10-08 114
2008-10-09 96
2008-10-10 119
2008-10-11 99
2008-10-12 102
2008-10-13 117
2008-10-14 113
2008-10-15 119"

ਇੱਕ ਪ੍ਹੈਰਾ - ਇੱਕ ਕੌੜਾ ਸੱਚ

"ਇਹ ਗੋਰੇ ਤਾਂ ਸਾਡੇ ਹਿਮਾਲਿਆ ਪਹਾੜ ਤੇ
ਚੜ੍ਹ ਜਾਂਦੇ ਹਨ ਇੰਨੀ ਕੁ ਪਹਾੜੀ ਇਨ੍ਹਾਂ ਲਈ ਕੁੱਝ ਵੀ ਨਹੀਂ ਸੀ। ਸਾਡੇ ਬੱਚਿਆਂ ਨੂੰ ਮਾਵਾਂ ਕੋਠੇ ਤੇ
ਪੌੜੀਆਂ ਚੜ੍ਹਦਿਆਂ ਨੂੰ ਡਰਾ ਦਿੰਦੀਆਂ ਨੇ ਕਿ ਡਿੱਗ ਪਵੇਂਗਾ ਤੇ ਉਹ ਸਾਰੀ ਉਮਰ ਚੰਡੋਲ ਤੇ ਚੜ੍ਹਣ
ਤੋਂ ਡਰਦੇ ਰਹਿੰਦੇ ਹਨ। ਹਮੇਸ਼ਾ ਬੱਚੇ ਦਾ ਹੌਸਲਾ ਵਧਾਉ, ਫਿਰ ਉਹ ਜਿੰਦਗੀ ਵਿੱਚ ਹਾਰ ਖਾਣੀ
ਭੁੱਲ ਜਾਵੇਗਾ। ਪਰ ਜਿੰਨ੍ਹਾਂ ਨੂੰ ਬਚਪਣ ‘ਚ ਛੱਪੜ ‘ਚ ਵੜਣ ਤੋਂ ਡਰਾਇਆ ਗਿਆ ਹੋਵੇ
ਉਹ ਸਮੁੰਦਰਾਂ ਦੇ ਤੈਰਾਕ ਨਹੀਂ ਬਣ ਸਕਦੇ। ਇਹ ਇਤਿਹਾਸਕ ਦੁਖਾਂਤ ਹੈ ਕਿ ਜਦੋਂ
ਅਸੀਂ ਰੱਬ ਨੂੰ ਲੱਭਣ ਲਈ ਧੜਾ ਧੜ ਮੰਦਰ ਬਣਾ ਰਹੇ ਸੀ ਓਦੋਂ ਗੋਰਿਆਂ ਨੇਂ ਸਮੁੰਦਰ
ਗਾਹ ਕੇ ਸਾਨੂੰ ਲੱਭ ਲਿਆ ਤੇ ਮੁੜ ਕਈ ਸਦੀਆਂ ਸਿਰ ਨਹੀਂ ਚੁੱਕਣ ਦਿੱਤਾ।
ਤੇ ਸਾਨੂੰ ਅੱਜ ਤੱਕ ਰੱਬ ਨਹੀਂ ਲੱਭਾ।"

ਬੀ.ਐਸ. ਢਿੱਲੋਂ - ਵਿਚਲੀ ਗੱਲ: ਖੜ੍ਹ ਕੇ ਵੇਖ ਜਵਾਨਾਂ ਬਾਬੇ ਮੇਮਾਂ ਵੇਖਦੇ ਨੇ!
ਧੰਨਵਾਦ ਸਹਿਤ - ਲਿਖਾਰੀ

ਪੂੰਜੀਵਾਦ ਦੇ ਨਦੀ ਕਿਨਾਰੇ ਰੁੱਖੜੇ ਨੂੰ ਸਮਾਜਵਾਦੀ ਸਹਾਰੇ...

ਅਮਰੀਕਾ ਵਿੱਚ ਆਏ ਮੰਦੇ ਨੇ ਜਿੱਥੇ ਅਮਰੀਕਾ ਸਰਕਾਰ ਦੀਆਂ ਜੜ੍ਹਾਂ ਖੋਖਲੀਆਂ
ਕਰ ਦਿੱਤੀਆਂ ਹਨ, ਨਾਲ ਹੀ ਨਾਲ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਕਾਫ਼ੀ ਦੇਰ ਪਹਿਲਾਂ ਇੱਕ ਸੋਵੀਅਤ ਰੂਸ ਦੀ ਇੱਕ ਕਿਤਾਬ "ਕੈਪਟਲਿਜ਼ਮ" ਪੜ੍ਹੀ ਸੀ,
ਜਿਸ ਵਿੱਚ ਦੱਸਿਆ ਗਿਆ ਕਿ ਕਿਵੇਂ ਆਮ ਲੋਕਾਂ ਦਾ ਪੈਸਾ ਇਹ ਸ਼ੇਅਰ ਬਜ਼ਾਰ
ਲਪੇਟ ਲੈਂਦੇ ਹਨ ਅਤੇ ਬਾਅਦ ਵਿੱਚ ਡਕਾਰ ਵੀ ਨਹੀਂ ਮਾਰਦੇ, ਆਖਰ ਪੈਸਾ
ਕਿਤੋਂ ਆ ਕੇ ਤਾਂ ਕਿਤੇ ਗਾਇਬ ਹੋ ਹੀ ਰਿਹਾ ਹੈ। ਭਾਵੇਂ ਕਿ ਕਹਿ ਰਹੇ ਹਨ
ਕਿ ਐਨੇ ਖ਼ਰਬ/ਅਰਬ ਡੁੱਬ ਗਿਆ, ਕਿਸ ਦਾ ਡੁੱਬਿਆ ਇਹ ਤਾਂ ਆਮ
ਲੋਕਾਂ ਦਾ ਹੀ ਹੈ, ਇਹ ਕਮੀਂ ਦਰਸਾਉਣ ਦੇ ਨਾਲ ਨਾਲ ਇਹ ਵੀ
ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਵੱਡੀਆਂ ਕੰਪਨੀਆਂ
ਦੀਆਂ ਸਰਕਾਰ ਨਾਲ ਸਾਂਝੀਆਂ ਸਾਜ਼ਿਸ਼ਾਂ ਕਰਕੇ ਇਹ ਸਭ ਕਰਵਟਾਂ
ਆਉਦੀਆਂ ਹਨ ਅਤੇ ਇਹ ਪੂੰਜੀਵਾਦੀ ਸਮਾਜ ਵਿੱਚ ਜਮਾਤ ਅੰਤਰ
ਪੈਦਾ ਕਰਨ ਇੱਕ ਕਾਰਕ ਹੈ।
ਅਮਰੀਕਾ ਨੇ ਸਮਾਜਵਾਦੀ ਅਤੇ ਸਾਮਵਾਦੀਆਂ ਮੁਲਕਾਂ ਨੂੰ ਗਲਤ
ਸਿੱਧ ਕਰਨ ਲਈ ਜੋ ਟਿੱਲ ਲਾਇਆ ਸੀ, ਉਸ ਦਾ ਅਧਾਰ ਸੀ ਇਹ ਪੂੰਜੀਵਾਦ
ਸਮਾਜ, ਉਹ ਪੂੰਜੀਵਾਦੀ ਸਮਾਜ, ਜਿਸ ਵਿੱਚ ਸਰਕਾਰ ਸਭ ਕੁਝ ਪ੍ਰਾਈਵੇਟ
ਕਰਦੀ ਹੈ ਅਤੇ ਉਸ ਵਿੱਚ ਸਰਕਾਰ ਦਾ ਦਖ਼ਲ ਨਹੀਂ ਹੁੰਦਾ ਹੈ। ਇੰਝ
ਵੱਡੀਆਂ ਮੱਛੀਆਂ ਨੂੰ ਛੋਟੀਆਂ ਖਾਣ, ਡਕਾਰ ਨਾ ਮਾਰਨ ਦੀ ਆਜ਼ਾਦੀ
ਰਹਿੰਦੀ ਹੈ। ਅਮਰੀਕਾ ਦੀ ਅੱਜ ਤੱਕ ਦੀ ਚੜ੍ਹਾਈ ਵਿੱਚ ਇਹ ਭਾਵਨਾ
ਜਿਉਦੀ ਰਹੀ ਹੈ ਅਤੇ ਤਰੱਕੀ ਕਰਦੀ ਰਹੀ ਸੀ, ਪਰ 1929 ਤੋਂ
ਚਾਲੂ ਹੋਈ ਮੰਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਅਮਰੀਕਾ
ਵਿੱਚ ਆ ਰਹੀ ਮੰਦੀ ਨੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਆਪਣੇ
ਮੁਲਕ ਨੂੰ ਜਿਉਦਾ ਰੱਖਣ ਲਈ, ਅਤੇ ਬੁਰੇ ਤੋਂ ਬਚਣ ਲਈ ਅਮਰੀਕਾ
ਦੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਖਰੀਦਣਾ ਸ਼ੁਰੂ ਕੀਤਾ ਹੈ, ਜਿਸ
ਤਹਿਤ ਕੁੱਲ ਤਿੰਨ ਵੱਡੀਆਂ ਕੰਪਨੀਆਂ ਦੇ ਵੱਡੇ ਹਿੱਸੇ ਸਰਕਾਰ ਬਣਾ ਦਿੱਤੇ ਗਏ ਹਨ,
ਭਾਵੇਂ ਕਿ ਇਸ ਨਾਲ ਬਾਜ਼ਾਰ ਹਾਲੇ ਸੰਭਲ ਨਹੀਂ ਸਕਿਆ, ਪਰ ਇਹ ਕਦਮ
ਨਾਲ ਇਹ ਸਿੱਧ ਹੋ ਗਿਆ ਕਿ ਪੂੰਜੀਵਾਦੀਆਂ ਦਾ ਸਮਾਜ ਸਥਿਰ ਨਹੀਂ ਹੈ,
ਇਹ ਦਾ ਢਾਂਚਾ ਚਰ-ਮਿਰਾ ਗਿਆ ਹੈ, ਜਿਸ ਨੂੰ ਸਹਾਰੇ ਦੀ ਲੋੜ ਹੈ, ਅਤੇ
ਉਹ ਸਹਾਰਾ ਸਮਾਜਵਾਦ ਹੀ ਰਹਿ ਗਿਆ, ਉਹ ਸਰਕਾਰ ਹੀ ਰਹਿ ਗਈ।
ਫੇਰ ਇਹ ਝੂਠੀ ਆਜ਼ਾਦੀ (ਸਰਕਾਰ ਤੋਂ ਪ੍ਰਾਈਵੇਟ ਬਣ ਕੇ) ਕਾਹਦੀ?
ਐਂਵੇਟ ਟਸ਼ਨੇ ਹੀ ਕਰਨੇ ਹਨ? ਦੁਨਿਆਂ ਨੂੰ ਪ੍ਰਾਈਵੇਟ ਬਣਾਉਣ ਉੱਤੇ
ਤੁਲਿਆ ਇਹ ਅਮਰੀਕਾ ਆਪਣੇ ਆਪ ਨੂੰ ਸਹਾਰਾ ਦੇਣ ਲਈ ਪੂੰਜੀਵਾਦੀ
ਨੂੰ ਤਿਆਗ ਸਕਦਾ ਹੈ, ਇਹ ਅਜੀਬ ਸੀ। ਪਰ ਇਹ ਹੋਇਆ ਹੈ।

ਭਾਰਤ ਵਿੱਚ ਡਾਕਟਰ ਮਨਮੋਹਣ ਸਿੰਘ ਨੇ ਜੋ ਵੀ ਸੁਧਾਰ 1991 ਵਿੱਚ
ਨਿੱਜੀਕਰਨ (ਪ੍ਰਾਈਵੇਟਾਈਜ਼) ਕਰਨ ਨਾਲ ਸ਼ੁਰੂ ਕੀਤੇ ਸਨ, ਜੇ ਕਿਤੇ
ਉਹ ਪੂਰੀ ਤਰ੍ਹਾਂ ਲਾਗੂ ਹੋ ਜਾਂਦੇ ਅਤੇ ਭਾਰਤ ਵਿੱਚ ਸਮਾਜਵਾਦੀਆਂ
ਦਾ ਜ਼ੋਰ ਨਾ ਹੁੰਦਾ ਤਾਂ ਭਾਰਤ ਦੀ ਤਰੱਕੀ ਭਾਵੇ ਵੱਧ ਵਿਖਾਈ ਦਿੰਦੀ, ਪਰ
ਅੱਜ ਦੇ ਦਿਨ ਹਾਲਤ ਅਮਰੀਕਾ ਵਰਗੀ ਹੀ ਹੋਣੀ ਸੀ (ਹਾਲਾਂ ਕਿ
ICICI ਬੈਂਕ ਅਤੇ ਜੈੱਟ ਏਅਰਲਾਈਨਜ਼ ਦੀ ਹਾਲਤ ਤਾਂ ਵਿਗੜ ਗਈ
ਹੈ ਤੇ ਸੈਂਕੜੇ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰ ਹੈ, ਪਰ ਹਾਲੇ ਤੱਕ
ਕੋਈ ਵੀ ਕੰਪਨੀ ਦੀਵਾਲੀਆ ਨਹੀਂ ਹੋਈ ਭਾਰਤ 'ਚ ਅਤੇ ਹੁਣ ਭਲਕ ਨੂੰ ਕੀ ਹੁੰਦਾ ਹੈ
ਇਹ ਵੇਖਣਾ ਹੋਵੇਗਾ)।

ਇੱਕ ਹੀ ਕਹਿਣਾ ਰਹਿ ਗਿਆ ਕਿ ਹੁਣ ਅਮਰੀਕਾ ਨੂੰ ਅੱਗੇ ਤੋਂ ਸਮਾਜਵਾਦ
ਦਾ ਵਿਰੋਧ ਕਰਨਾ ਆਪਣਾ-ਆਪ ਵਿਰੋਧ ਕਰਨਾ ਕਿਹਾ ਜਾਵੇਗਾ (ਜੇ ਹੁਣ
ਬਰਬਾਦੀ ਤੋਂ ਬਚ ਗਿਆ ਤਾਂ)।
(ਕਫ਼ਨ ਚੋਰ ਵਾਲੀ ਕਹਾਣੀ ਹੋ ਗਈ ਅਮਰੀਕਾ ਦੀ ਤਾਂ)

ਫਾਇਰਫਾਕਸ 'ਚ ਲੋਕੇਲ pa-IN ਲਈ ਬਦਲਾਅ

ਫਾਇਰਫਾਕਸ ਵਿੱਚ ਪੰਜਾਬੀ ਦਾ ਲੋਕੇਲ ਨਾਂ pa-IN ਤੋਂ ਬਦਲ ਕੇ pa
ਕੀਤਾ ਜਾ ਰਿਹਾ ਹੈ!

ਇਹ ਪੰਜਾਬੀ ਦੇ ਨਾਂ ਨੂੰ ਸੀਮਿਤ ਰੂਪ ਵਿੱਚ ਵਰਤੋਂ ਨੂੰ ਹਟਾਉਣ ਲਈ ਕੀਤਾ ਜਾ ਰਿਹਾ ਹੈ,
ਹੁਣ ਪੰਜਾਬੀ ਨੂੰ 'pa' ਦੇ ਲੋਕੇਲ ਦੇ ਨਾਲ ਬੜੇ ਹੀ ਖੁੱਲ੍ਹੇ ਢੰਗ ਨਾਲ ਸਾਂਝੇ ਰੂਪ ਵਿੱਚ ਲਿਖਿਆ ਜਾਏਗਾ।
(IN ਦਾ ਮਤਲਬ ਹੈ ਕਿ ਪੰਜਾਬੀ ਕੇਵਲ ਭਾਰਤ (INdia) ਲਈ, ਅਤੇ ਬਾਕੀਆਂ ਲਈ
ਹੋਰ, ਇਸਕਰਕੇ ਲੋਕੇਲ ਨੂੰ ਵੰਡਿਆ ਹੋਇਆ ਮਹਿਸੂਸ ਕੀਤਾ ਜਾ ਰਿਹਾ ਹੈ, ਜਦੋਂ ਕਿ
ਹਾਲੇ ਇਹ ਨੌਬਤ ਨਹੀਂ ਆਈ ਸੀ। ਜਦੋਂ ਕਿ ਮੇਰੀ ਨਿੱਜੀ ਸੋਚ ਕਹਿੰਦੀ ਸੀ ਕਿ ਫਾਇਰਫਾਕਸ
ਪੰਜਾਬੀ ਨੂੰ ਪੰਜਾਬ/ਭਾਰਤ ਵਿੱਚ ਵਰਤਣ ਵਾਲੇ ਕੈਨੇਡਾ,ਅਮਰੀਕਾ ਨਾਲੋਂ ਘੱਟ ਹੀ ਚਾਹੀਦੇ ਹਨ।)

ਫਾਇਰਫਾਕਸ ਵਿੱਚ ਇਹ ਸਮੱਸਿਆ ਕਾਫ਼ੀ ਸਮੇਂ ਤੋਂ ਸੀ ਅਤੇ ਅਖੀਰ ਵਿੱਚ ਬੱਗ
https://bugzilla.mozilla.org/show_bug.cgi?id=380287
ਫਾਇਲ ਕੀਤਾ ਗਿਆ ਹੈ, ਜਿਸ ਵਿੱਚ ਇਹ ਸੋਧ ਕਰਨ ਬਾਰੇ ਵਿਚਾਰ ਹੋ ਰਹੀ ਹੈ,
ਜੇ ਕਿਸੇ ਕੋਲ ਇਸ ਸਬੰਧ ਵਿੱਚ ਕੋਈ ਵੀ ਸੁਝਾਅ ਹੋਵੇ ਤਾਂ ਬੇਝਿਜਕ ਲਿਖਣਾ।

ਇਹ ਨਾਂ ਬਦਲੀ ਦੀ ਕਾਰਵਾਈ ਕਰਕੇ ਆਉਣ ਵਾਲਾ ਫਾਇਰਫਾਕਸ ਰੀਲਿਜ਼ 3.1 (pa)
ਤੁਹਾਡੇ ਸਿਸਟਮ ਉੱਤੇ 3.0.x (pa-IN) ਤੋਂ ਆਟੋਮੈਟਿਕ ਅੱਪਡੇਟ ਨਹੀਂ ਹੋ ਸਕੇਗਾ। ਇਹ
ਇੱਕ ਸਮੱਸਿਆ ਹੈ, ਜਿਸ ਦਾ ਹੱਲ਼ ਹਾਲੇ ਮੋਜ਼ੀਲਾ ਵਾਲੇ ਨਹੀਂ ਕਰ ਸਕੇ ਹਨ। ਇਹ
ਖਿਆਲ ਰੱਖਣਾ ਪਵੇਗਾ। ਜੇ ਕਿਸੇ ਕੋਲ ਕੋਈ ਵੀ ਹੱਲ਼ ਹੋਵੇ ਤਾਂ ਦੱਸਣ ਦੀ ਖੇਚਲ ਕਰਨੀ!
ਵੈਸੇ ਵੀ ਪੰਜਾਬੀ ਨੂੰ ਵਰਤਣ ਵਾਲੇ ਬਹੁਤ ਹੀ ਥੋੜ੍ਹੇ ਹਨ (comment #14 ਬੱਗ ਵਿੱਚ) (ਜੋ ਇੱਕ ਕੌੜੀ ਸਚਾਈ ਸੀ, ਜਿਸ ਦਾ ਮੈਨੂੰ ਦਿਲੀਂ ਦੁੱਖ ਹੈ,
ਇਸਕਰਕੇ ਮੋਜ਼ੀਲਾ ਵਾਲਿਆਂ ਮੁਤਾਬਕ ਕੋਈ ਬਹੁਤਾ ਫ਼ਰਕ ਤਾਂ ਪੈਣਾ ਨਹੀਂ।

ਮੈਨੂੰ ਥੋੜ੍ਹੀ ਜਿਹੀ ਚਿੰਤਾ ਹੈ ਤਾਂ ਲੀਨਕਸ ਵਾਲਿਆਂ ਲਈ ਹੈ, ਜੋ ਕਿ ਆਟੋਮੈਟਿਕ
ਅੱਪਡੇਟ ਦੀ ਬਜਾਏ ਆਪਣੇ ਬਿਲਡ (build) ਦਿੰਦੇ ਹਨ, ਜਿਸ ਨਾਲ ਹੋ ਸਕਦਾ
ਹੈ ਕਿ ਉਨ੍ਹਾਂ ਦੇ ਸਿਸਟਮ ਵਿਗੜ (break) ਜਾਣ। ਵੇਖੋ ਕੀ ਬਣਦਾ ਹੈ ਇਹ ਤਾਂ
ਆਉਣ ਵਾਲਾ ਸਮਾਂ ਹੀ ਦੱਸੇਗਾ, ਬਾਕੀ ਮੇਲਿੰਗ ਲਿਸਟ ਉੱਤੇ ਵੀ ਮੇਲ ਭੇਜੀ ਹੈ,
ਜੇ ਕੋਈ ਵੀਰ ਆਪਣੇ ਦੱਸ ਸਕੇ ਤਾਂ!

ਭਾਰਤ-ਅਮਰੀਕਾ ਪਰਮਾਣੂ ਕਰਾਰ ਆਖਰ ਸਿਰ ਚੜ੍ਹਿਆ

ਆਖਰ ਪਰਮਾਣੂ ਕਰਾਰ ਸਿਰ ਚੜ੍ਹ ਗਿਆ ਅਤੇ ਕਈ ਮਹੀਨਿਆਂ
ਤੋਂ ਭਾਰਤ ਸਰਕਾਰ ਅਤੇ ਲੋਕਾਂ ਦੇ ਸਿਰ ਤੋਂ ਚੜ੍ਹਿਆ ਇੱਕ ਜਨੂੰਨ
ਖਤਮ ਹੋ ਗਿਆ ਅਤੇ ਪੱਤਰਕਾਰਾਂ/ਟੀਵੀ ਚੈਨਲ ਲਈ ਇੱਕ ਵੱਡਾ
ਮੁੱਦਾ ਖਤਮ ਹੋ ਗਿਆ।

ਮੁੱਦੇ ਵਿੱਚ ਭਾਰਤ ਨੂੰ 30 ਸਾਲਾਂ ਦੀਆਂ ਪਾਬੰਦੀਆਂ ਤੋਂ ਮੁਕਤੀ ਮਿਲ ਗਈ
ਹੈ ਅਤੇ ਭਾਰਤ ਹੁਣ ਪਰਮਾਣੂ ਈਂਧਨ ਬਾਹਰ ਤੋਂ ਲੈ ਸਕੇਗਾ, ਹਾਲਾਂ ਕਿ
ਭਾਰਤ ਵਿੱਚ ਯੂਰੇਨੀਅਮ/ਥੋਰੀਅਮ ਦੇ ਭੰਡਾਰ ਹਨ, ਪਰ ਇਹ ਸਮਝੌਤਾ
ਭਾਰਤ 'ਚ ਇੱਕ ਵੱਡੇ ਮਸਲੇ ਵਾਂਗ ਲਿਆ ਗਿਆ, ਜਿਸ ਵਾਸਤੇ
ਆਪਣੇ ਸਾਥੀਆਂ (ਲਾਲ ਸਾਥੀਆਂ) ਨੂੰ ਤਿਆਗ ਦਿੱਤਾ ਕਾਂਗਰਸ ਨੇ,
ਆਪਣੀ ਸਰਕਾਰ ਦੀ ਬਲੀ ਦੇਣ ਦੀ ਵੀ ਤਿਆਰ ਕਰ ਲਈ ਸੀ, ਆਖਰ
ਐਡੀ ਵੀ ਕੀ ਕਾਹਲ਼ ਪੈ ਗਈ ਸਰਕਾਰ ਨੂੰ, ਮਨਮੋਹਨ ਸਿੰਘ ਦਾ ਰਿਕਾਰਡ
ਤਾਂ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਦੇਣ ਵਾਲਾ ਰਿਹਾ ਹੈ, ਭਾਵੇਂ ਕਿ ਮੈਂ
ਇਸ ਨਾਲ ਹੋਣ ਵਾਲੇ ਦੇਸ਼ ਦੇ ਫਾਇਦੇ ਤੋਂ ਅੱਖੋ ਪਰੋਖੇ ਨਹੀਂ ਕਰ ਰਿਹਾ ਹਾਂ,
ਹੁਣ ਗੱਲ਼ ਭਾਵੇਂ ਤੁਸੀਂ 1991 ਵਿੱਚ ਵਿੱਤ ਮੰਤਰੀ ਦੇ ਤੌਰ ਉੱਤੇ ਕੀਤੇ ਵਿੱਤੀ
ਸੁਧਾਰ ਹੋਣ ਜਾਂ ਅੱਜ ਇਹ ਪਰਮਾਣੂ ਸਮਝੌਤਾ।
ਗੱਲ਼ ਇਹ ਨਹੀਂ ਕਿ ਮੈਂ ਦੇਸ਼ ਲਈ ਨਵੇਂ ਊਰਜਾ ਸਰੋਤਾਂ ਦੇ ਉਪਲੱਬਧ ਹੋਣ
ਉੱਤੇ ਖੁਸ਼ ਨਹੀਂ ਹਾਂ, ਪਰ ਸਰਕਾਰ ਦੇ ਅੱਧੀ-ਅਧੂਰੀ ਜਾਣਕਾਰੀ ਦਿੱਤੀ ਹੈ, ਪੂਰੇ
ਪੱਖ ਸਾਹਮਣੇ ਨਹੀਂ ਕੀਤੇ ਹਨ।

ਕੁਝ ਪੱਖ ਬੀ.ਬੀ.ਸੀ ਨੇ ਇੱਥੇ ਦਿੱਤੇ ਹਨ,
ਜਿਸ ਵਿੱਚ ਸਾਫ਼ ਕਿਹਾ ਗਿਆ ਹੈ ਪ੍ਰਾਈਵੇਟ ਕੰਪਨੀਆਂ ਨੂੰ ਹੋਣ ਵਾਲੇ ਫਾਇਦੇ ਦੀ
ਕਲਪਨਾ ਕਰਨੀ ਅੰਤ-ਰਹਿਤ ਹੈ, ਅਤੇ ਹੋਰ ਮੁਲਕਾਂ ਦੀ ਬਜਾਏ ਅਮਰੀਕਾ
ਦੀਆਂ ਕੰਪਨੀਆਂ ਨੂੰ ਹੀ ਇੱਕਲਿਆਂ 1 ਬਿਲੀਅਨ ਡਾਲਰ (ਭਾਰਤ ਦੇ
47 ਬਿਲੀਅਨ ਰੁਪਏ ਭਾਵ ਕਿ 47 ਖਰਬ ਰੁਪਏ) ਦੀ ਕਮਾਈ ਹੋਣੀ ਹੈ।
ਉਹ ਕੰਪਨੀਆਂ ਦੇ ਦਬਾਅ ਨੇ ਭਾਰੀ ਕੰਮ ਕੀਤਾ ਹੈ।

ਜੋ ਰਿਐਕਟਰ, ਇਹ ਬਾਲਣ (ਈਂਧਨ) ਵਰਤਣਗੇ, ਉਹ ਬਣਾਉਣ ਵਾਸਤੇ
ਘੱਟੋ-ਘੱਟ 8 ਸਾਲ ਲੱਗਣਗੇ, ਅਤੇ ਭਾਰਤ ਦੇ ਵੱਡੇ ਉਦਯੋਗੀ ਘਰਾਣੇ
(ਟਾਟਾ, ਬਿਰਲਾ, ਰਿਲਾਇੰਸ) ਅੱਜੇ ਹੀ ਪੱਬਾਂ ਭਾਰ ਹੋਏ ਫਿਰਦੇ ਹਨ।

ਬਿਜਲੀ ਦੀ ਲੋੜ ਤਾਂ ਪੂਰੀ ਦੁਨਿਆਂ ਨੂੰ ਹੈ ਅਤੇ ਉਹ ਵੀ ਆਉਣ ਵਾਲੇ
ਜਮਾਨੇ 'ਚ ਭਾਰੀ, ਜਦੋਂ ਕਾਰਾਂ, ਟਰੱਕਾਂ ਵੀ ਬਿਜਲੀ ਉੱਤੇ ਚਲਾਉਣੇ ਪੈਣਗੇ,
ਇਸ ਵਾਸਤੇ ਪਰਮਾਣੂ ਬਿਜਲੀ ਘਰ ਬਣਾਉਣ ਦੀ ਲੋੜ ਦੱਸੀ ਜਾ ਰਹੀ ਹੈ,
ਪਰ ਮੁਲਾਂਕਣ ਮੁਤਾਬਕ ਇਹ ਬਿਜਲੀ ਘਰ ਬਣਾਉਣ ਲਈ ਇੰਨੇ ਪੈਸੇ
ਦੀ ਜਰੂਰਤ ਹੈ ਕਿ ਉਹ ਬਿਜਲੀ ਅੱਜ ਕੱਲ੍ਹ ਦੀ ਬਿਜਲੀ ਨਾਲੋਂ ਕਿਤੇ
ਮਹਿੰਗੀ ਪੈਣੀ ਹੈ।

ਸੋ ਕੁੱਲ ਮਿਲਾ ਕੇ ਸਮਝੌਤਾ ਕਿ ਰੰਗ ਦੇਵੇਗਾ, ਲਵੇਗਾ, ਤਾਂ ਕਹਿਣਾ
ਅੱਜ ਔਖਾ ਹੋਵੇਗਾ, ਪਰ ਦੁੱਖ ਇਹ ਗੱਲ਼ ਹੈ ਕਿ ਸਰਕਾਰ ਪੂਰੇ
ਤੱਥ ਲੋਕਾਂ ਸਾਹਮਣੇ ਨਹੀਂ ਰੱਖਦੀ ਹੈ ਅਤੇ ਮੀਡਿਆ ਵੀ ਪੂਛ
ਚੱਕ ਕੇ ਸਰਕਾਰ ਦੇ ਮਗਰ ਮਗਰ।

ਨਿੱਜੀ ਟਿੱਪਣੀ: ਮੈਂ ਵੀ ਬਿਜਲੀ ਦੇ ਸਰੋਤ ਲੱਭ ਰਿਹਾ ਹਾਂ, ਸੂਰਜੀ
ਊਰਜਾ ਤੋਂ ਬਿਜਲੀ ਬਣਾਉਣ ਦੀ, ਭਾਰਤ ਸਰਕਾਰ ਸਬਸਿਡੀ
ਵੀ ਦੇ ਰਹੀ ਹੈ, ਪਰ ਮੈਨੂੰ ਕੋਈ ਵੈੱਬ ਸਾਈਟ ਜਾਂ ਸੰਪਰਕ
ਕਰਨ ਦਾ ਰਾਹ ਨਹੀਂ ਲੱਭਿਆ।

ਕਿਸਾਨ ਜੱਥੇਬੰਦੀ ਹੋਈ ਹਾਈਟੈਕ...

ਕਿਸਾਨ ਪਰਿਵਾਰ ਵਿੱਚੋਂ ਹੋਣ ਕਰਕੇ ਮੇਰੇ ਕਿਸਾਨ ਜੱਥੇਬੰਦੀਆਂ 'ਚ ਥੋੜੀ ਬਹੁਤ ਦਿਲਚਸਪੀ
ਤਾਂ ਹਮੇਸ਼ਾਂ ਰਹੀ ਹੈ ਅਤੇ ਇਨ੍ਹਾਂ ਬਾਰੇ ਜਾਣਕਾਰੀ ਸਮੇਂ ਸਮੇਂ ਲੈਂਦਾ ਰਿਹਾ ਹਾਂ, ਪਰ ਥੋੜ੍ਹੇ ਚਿਰਾਂ
'ਚ ਜਿਸ ਜੱਥੇਬੰਦੀ ਨੇ ਭਾਰੀ ਕੰਮ ਕੀਤੇ ਅਤੇ ਆਪਣਾ ਮੁਕਾਮ ਬਣਾਇਆ ਹੈ, ਉਹ ਹੈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸ਼ਾਇਦ ਤੁਸੀਂ ਸੁਣਿਆ ਹੋਵੇ ਕਿ ਬਰਨਾਲਾ
(ਟਰਾਈਜ਼ਡੈਂਟ ਕੇਸ) ਦੇ ਕਿਸਾਨਾਂ ਨੂੰ ਕਰੋੜਾਂ ਰੁਪਏ ਮੁਆਵਜ਼ਾ ਦੁਵਾਉਣ 'ਚ ਇਹੀ
ਜੱਥੇਬੰਦੀ ਸੀ ਅਤੇ ਨਾਲ ਨਾਲ ਇਨ੍ਹਾਂ ਨੇ ਹੀ ਅੰਮ੍ਰਿਤਸਰ ਵੀ ਸੰਘਰਸ਼ ਜਾਰੀ ਰੱਖਿਆ।
ਇਹ ਜੱਥੇਬੰਦੀ ਨੇ ਆਪਣੇ ਆਪ ਨੂੰ ਚੱਲਦੇ ਸਮੇਂ ਨਾਲ ਜੋੜਨ ਲਈ ਕੰਪਿਊਟਰ ਦੀ
ਵਰਤੋਂ ਕਰਨ ਬਾਰੇ ਵਿਚਾਰ ਕੀਤੀ ਹੈ ਅਤੇ ਖਰੀਦ ਵੀ ਲਏ ਹਨ। ਭਾਵੇਂ ਕਿ
ਪਿਛਲੇ ਸਮੇਂ ਵਿੱਚ ਇਨ੍ਹਾਂ ਕੋਲ ਵੀਡਿਓ ਕੈਮਰੇ, ਪਰੋਜੈਕਟਰ ਵਗੈਰਾ ਸਨ ਤਾਂ ਕਿ
ਜੱਥੇਬੰਦੀਆਂ ਦੀਆਂ ਕਾਰਵਾਈਆਂ, ਇਨਕਲਾਬੀ ਗਤੀਵਿਧੀਆਂ ਨੂੰ ਲੋਕਾਂ ਤੱਕ
ਪਹੁੰਚਾਇਆ ਜਾ ਸਕੇ। ਇਹ ਸਮੇਂ ਨਾਲ ਤੁਰਦੇ ਰਹਿਣ ਵਾਸਤੇ ਚੁੱਕਿਆ ਕਦਮ
ਜ਼ਰੂਰ ਇਨ੍ਹਾਂ ਦੀ ਮੱਦਦ ਕਰੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਮੈਂ ਇਹ ਉਡੀਕ
ਕਰਾਗਾਂ ਕਿ ਉਹ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਆਪਣੇ ਕੰਮ/ਸੰਘਰਸ਼
ਨਾਲ ਕਿਵੇਂ ਕਰਦੇ ਹਨ...

8 ਪੰਜਾਬੀ ਰੇਲ ਦੇ ਇੱਕ ਡੱਬੇ ਵਿੱਚ ਅਤੇ 2 ਰਾਤ/ਦਿਨ...

26 ਸਤੰਬਰ ਨੂੰ ਪੂਣੇ ਤੋਂ ਯਾਤਰਾ ਆਰੰਭ ਹੋ ਰਹੀ ਸੀ ਪੰਜਾਬ ਲਈ, ਮੈਂ ਤੇ ਜਸਵਿੰਦਰ
ਦੀ ਬੁਕਿੰਗ ਤਾਂ ਕਈ ਦਿਨ ਪੁਰਾਣੇ ਸੀ ਅਤੇ ਸੀਟਾਂ ਆਹਮੋ-ਸਾਹਮਣੇ ਸਨ, ਠੀਕ
ਟਾਈਮ ਪੁੱਜ ਗਏ, ਰੋਟੀਆਂ ਲੈ ਲਈਆਂ ਸਨ, ਸੀਟਾਂ ਮੱਲ ਲਈਆਂ, ਪਹਿਲਾਂ-ਪਹਿਲ
ਵਾਲੀਂ ਝਿਜਕ ਸੀ ਨਾਲ ਦੇ ਮੁਸਾਫ਼ਰਾਂ ਨੂੰ ਬੁਲਾਉਣ ਦੀ ਅਤੇ ਸਾਡੇ ਹਮਸਫ਼ਰ ਸਨ,
1) ਇੱਕ ਕੁੜੀ, ਜੋ ਜਲੰਧਰ ਜਾ ਰਹੀ ਸੀ,
2) ਇੱਕ ਅਧਖੜ ਵਿਅਕਤੀ, ਜੋ ਕਿ ਪਠਾਨਕੋਟ ਜਾ ਰਿਹਾ ਸੀ,
3) ਇੱਕ ਸਿਆਣਾ ਜਿਹਾ ਨੌਜਵਾਨ, ਜੋ ਕਿ ਜੰਮੂ ਜਾ ਰਿਹਾ ਸੀ,
4) ਇੱਕ ਖੇਡਾਂ ਵੇਚਣ ਵਾਲਾ ਵਿਅਕਤੀ ਜਲੰਧਰ ਦਾ
5) ਇੱਕ MBA ਪਾਸ ਵਿਅਕਤੀ, ਜੋ ਜਲੰਧਰ ਜਾ ਰਿਹਾ ਸੀ ਅਤੇ HR ਡਿਪਾਰਟਮੈਂਟ ਦਾ ਜਾਪਦਾ ਸੀ
6) ਇੱਕ ਅਧਖੜ ਔਰਤ, ਜੋ ਜੰਮੂ ਜਾ ਰਹੀ ਸੀ।

(ਇਹ ਸਭ ਜਾਣਕਾਰੀ ਹੌਲੀ ਹੌਲੀ ਦੂਜੇ, ਤੀਜੇ ਦਿਨ ਮਿਲੀ, ਜਦੋਂ ਟੀ.ਟੀ. ਜਾਂ ਸਮਾਨ
ਵਰਤਾਉਣ ਵਾਲਿਆਂ ਨੇ ਹਰੇਕ ਨੂੰ ਪੁੱਛਿਆ)

ਪਹਿਲੀ ਵਾਰ ਵੇਖਣ ਤੋਂ ਕੋਈ ਵੀ ਪੰਜਾਬੀ ਨਹੀਂ ਸੀ ਜਾਪਦਾ ਅਤੇ ਖ਼ੈਰ ਗੱਲ ਤਾਂ
ਸਭ ਨੇ ਅੰਗਰੇਜ਼ੀ ਤੋਂ ਹੀ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਹਿੰਦੀ ਉੱਤੇ ਉੱਤਰਦੇ ਗਏ,
ਕੋਈ ਪਹਿਲੇ ਹੀ ਦਿਨ ਰਿਹਾ ਅਤੇ ਕੋਈ ਦੂਜੇ ਦਿਨ। ਮੈਨੂੰ ਕੁਝ ਸ਼ੱਕ ਪਹਿਲਾਂ ਸੀ
ਅਤੇ ਮੈਂ ਜਸਵਿੰਦਰ ਨੂੰ ਕਿਹਾ ਸੀ ਕਿ ਪੰਜਾਬੀ 'ਚ ਕੋਈ ਵੀ ਗਲ਼ ਕਰਨ ਤੋਂ
ਪਹਿਲਾਂ ਸਾਵਧਾਨ ਰਹੀ ਕਿਉਕਿ ਮਾਹੌਲ 'ਚ ਸਭ ਦੀਆਂ ਅੱਖਾਂ ਸਾਨੂੰ
ਸਾਫੇ ਬੰਨ੍ਹੇ ਵੇਖ ਕੇ ਹੱਸ ਰਹੀਆਂ ਸਨ। ਉਹ ਸਮਝਿਆ ਜਾਂ ਨਹੀਂ, ਪਰ
ਗੱਲਾਂ ਧਿਆਨ ਨਾਲ ਹੀ ਕੀਤੀਆਂ। ਸਭ ਆਪਸ 'ਚ ਹਿੰਦੀ 'ਚ
ਗਲ਼ ਕਰਦੇ ਸਨ ਅਤੇ ਅਸੀਂ ਤਾਂ ਪੰਜਾਬੀ 'ਚ ਹੀ ਕਰਨੀ ਸੀ, ਪਰ
ਅਸੀਂ ਖਿੱਚ ਰਹੇ ਸਾਂ ਕਿ ਪੰਜਾਬੀ ਹੀ ਬੋਲਣ ਅਤੇ ਜਦੋਂ ਅਸੀਂ ਉਨ੍ਹਾਂ
ਦੇ ਜਵਾਬ ਪੰਜਾਬੀ 'ਚ ਦਿੰਦੇ ਸਾਂ ਤਾਂ ਉਨ੍ਹਾਂ ਨੂੰ ਪੰਜਾਬੀ ਬੋਲਣ ਲਈ
ਮਜਬੂਰ ਹੋਣਾ ਪੈ ਰਿਹਾ ਸੀ, ਜੰਮੂ ਵਾਲੇ ਵੀ ਪੰਜਾਬੀ 'ਚ ਜਵਾਬ
ਦਿੰਦੇ ਸਨ। ਖੈਰ ਪਹਿਲੇ ਦਿਨ/ਰਾਤ ਤਾਂ ਪੰਜਾਬੀ ਬੋਲਣ ਵਾਲੇ ਸੱਜਣ
2 ਅਸੀਂ ਅਤੇ 3 ਦੂਜੇ ਮਿਲ ਗਏ, ਅਗਲੀ ਰਾਤ (ਆਖਰੀ ਰਾਤ)
ਬਾਕੀ ਰਹੀ ਕੁੜੀ, ਜੰਮੂ ਵਾਲੀ ਔਰਤ, ਅਤੇ ਪਠਾਨਕੋਟ ਵਾਲੇ ਵਿਅਕਤੀ ਨੇ
ਵੀ ਪੰਜਾਬੀ 'ਚ ਗੱਲ਼ ਕੀਤੀ ਅਤੇ ਸਮਝਾਈ। ਪਰ ਮੈਂ ਇਹ ਸਮਝ ਨੀਂ
ਸਕਿਆ ਕਿ ਜਦੋਂ ਸਭ ਜਾਣਦੇ ਸਨ (ਕਿ ਅਸੀਂ 2 ਤਾਂ ਪੱਕੇ ਹੀ ਪੰਜਾਬੀ ਹਾਂ)
ਜਾਂ ਜਾਣ ਗਏ ਸਨ (ਕਿ ਬਾਕੀ ਵੀ ਪੰਜਾਬੀ ਹਨ) ਤਾਂ ਅੰਗਰੇਜ਼ੀ/ਹਿੰਦੀ 'ਚ
ਗਲ਼ ਕਿਓ? ਸ਼ਾਇਦ ਉਹੀ ਸ਼ੈਹਰੀ ਮਾਹੌਲ, ਜੋ ਪੰਜਾਬੀ ਨੂੰ ਬੇਕਾਰ ਕਹਿੰਦਾ ਹੈ,
ਅਤੇ ਅੰਗਰੇਜ਼ੀ/ਹਿੰਦੀ ਨੂੰ ਉੱਤਮ ਸਮਝਦਾ ਹੈ। ਮੈਨੂੰ ਇਸ ਦਾ ਦੁੱਖ ਸੀ ਕਿ
ਆਪਣੇ ਲੋਕ ਹੀ ਬੇਗਾਨੀ ਸਮਝਦੇ ਹਨ ਮਾਂ-ਬੋਲੀ ਨੂੰ, ਮੈਨੂੰ ਹਿੰਦੀ/ਅੰਗਰੇਜ਼ੀ
ਨਾਲ ਗਿਲਾ ਨੀਂ, ਪਰ ਪੰਜਾਬੀ ਨੂੰ ਦਰ-ਕਿਨਾਰ ਕਰਨ ਵਾਲਿਆਂ, ਨੀਵੀਂ
ਸਮਝ ਵਾਲਿਆਂ ਨਾਲ ਗਿਲਾ ਜ਼ਰੂਰ ਹੈ ਕਿ ਇੰਝ ਕਰਨਾ ਨੀਂ ਚਾਹੀਦਾ ਹੈ।
ਵੈਸੇ ਭਈਆ ਭਾਸ਼ਾ ਨਾਲ ਪੰਜਾਬੀ ਦਾ ਨੁਕਸਾਨ ਕੁਝ ਵੀ ਹੋਵੇ, ਪਰ
ਫਰੰਗੀ ਭਾਸ਼ਾ ਵੀ ਭਈਆ ਭਾਸ਼ਾ ਦੇ ਉੱਤੋਂ ਦੀ ਹੈ, ਅਤੇ ਫਸਟ ਕਲਾਸ
ਲੋਕ ਭਈਆ ਭਾਸ਼ਾ ਬੋਲਣ ਤੋਂ ਸ਼ਰਮਾਉਦੇ ਹਨ।

ਬ੍ਰਹਿਮੰਡ ਦੀ ਖੋਜ ਵਾਸਤੇ ਸੰਸਾਰ ਦਾ ਸਾਂਝਾ ਉਪਰਾਲਾ

ਅੱਜ ਦੀਆਂ ਖ਼ਬਰਾਂ ਮੁਤਾਬਕ
ਸੰਸਾਰ ਦਾ ਸਭ ਤੋਂ ਮਹਿੰਗਾ ਅਤੇ ਵੱਡਾ ਤਜਰਬਾ ਸ਼ੁਰੂ ਗਿਆ ਹੈ, ਬ੍ਰਹਿਮੰਡ ਦੀ ਖੋਜ ਦਾ, ਸੰਸਾਰ ਦੇ ਜਨਮ ਦਾ।
ਫਰਾਂਸ ਅਤੇ ਸਵਿਟਜਰਲੈਂਡ ਦੀ ਸਰਹੱਦ ਉੱਤੇ ਬਣੀ ਇਹ ਲੈਬ ਵਿੱਚ 27 ਕਿਲੋਮੀਟਰ ਲੰਮੀ ਟਿਊਬ
ਵਿੱਚ ਹੋ ਰਿਹਾ ਇਹ ਟੈਸਟ ਵਿਗਿਆਨਕ ਲਈ ਇੱਕ ਬਹੁਤ ਵੀ ਮਹਾਨ ਜਤਨ ਹੈ, ਜਿਸ ਨਾਲ ਉਹ
ਬ੍ਰਹਿਮੰਡ ਦੇ ਕਈ ਅਣ-ਸੁਲਝੇ ਸਵਾਲ ਹੱਲ ਕਰਨ ਦੀ ਉਮੀਦ ਰੱਖਦੇ ਹਨ, ਭਾਵੇਂ ਕਿ ਨਤੀਜਿਆਂ ਦਾ
ਵਿਸ਼ਲੇਸਣ ਲੰਮਾ ਚਿਰ ਚੱਲਣ ਦੀ ਉਮੀਦ ਹੈ। ਇਸ ਤਜਰਬੇ ਲਈ ਯੂਰਪ ਦੇ ਅਗਾਂਹਵਧੂ ਮੁਲਕਾਂ ਅਤੇ
ਉਨ੍ਹਾਂ ਦੇ ਵਿਗਿਆਨਕ ਨੂੰ ਵਧਾਈ ਦੇਣੀ ਚਾਹੁੰਦਾ ਹਾਂ।



ਮੇਰਾ ਧਿਆਨ ਬ੍ਰਹਿਮੰਡ ਦੇ ਅਜੀਬ ਵਰਤਾਰੇ ਵੱਲ ਗਿਆ, ਜੋ ਕਿ ਦੱਸਿਆ ਜਾਂਦਾ ਹੈ ਕਿ ਬ੍ਰਹਿਮੰਡ 'ਚ
ਗਲੈਕਸੀਆਂ, ਗੈਸਾਂ, ਧੂੜ-ਕਣ, ਚੰਦ-ਤਾਰੇ ਆਦਿ ਮਿਲ ਕੇ ਕੇਵਲ 4% ਭਾਗ ਹੀ ਬਣਾਉਦੇ ਹਨ, ਫੇਰ
96% ਹੈ ਕੀ? ਇਹੀ ਤਾਂ ਸਵਾਲ ਹੈ, ਜਿਸ ਦਾ ਜਵਾਬ ਵਿਗਿਆਨਕ ਇਹ ਤਜਰਬੇ ਤੋਂ ਲੈਣ ਦੀ ਉਮੀਦ
ਰੱਖਦੇ ਹਨ। ਇਹ 96% ਨੂੰ ਅਦ੍ਰਿਸ਼ ਕਿਹਾ ਗਿਆ ਹੈ, ਜਿਸ ਵਿੱਚ 23% ਗੁਪਤ ਮਾਦਾ (ਮੈਟਰ) ਅਤੇ 73%
ਗੁਪਤ ਊਰਜਾ ਹੈ। ਇਹ ਗੁਪਤ ਹੈ, ਕਿਉਕਿ ਇਸ ਬਾਰੇ ਜਾਣਕਾਰੀ ਨਹੀਂ ਹੈ, ਜਾਣਕਾਰੀ ਇਸ ਕਰਕੇ ਨਹੀਂ ਹੈ,
ਕਿਉਂਕਿ ਇਸ ਨੂੰ ਵੇਖਣਾ, ਮਾਪਣਾ ਸੰਭਵ ਨਹੀਂ ਹੈ। ਇਹ ਹੋਈ ਨਾ ਅਜੀਬ ਜੇਹੀ ਗੱਲ਼, ਜਿਸ ਨੂੰ ਵੇਖ ਨੀਂ ਸਕਦੇ,
ਉਸ ਦਾ ਪਤਾ ਕਰਨਾ ਹੈ। ਪਰਮਾਣ ਵਿੱਚ ਪਰੋਟਾਨ, ਨਿਊਟਰਾਨ ਹੁੰਦੇ ਹਨ, ਇਹ ਤਾਂ ਵਿਗਿਆਨਕ ਜਾਣਦੇ ਹਨ,
ਪਰ ਉਸ ਵਿੱਚ ਜਾਨ ਕਿਵੇਂ ਪੈਂਦੀ ਹੈ, ਉਸ 'ਚ ਮਾਦਾ ਕਿਵੇਂ ਆਉਦਾ ਹੈ, ਕਿਓ ਇਲੈਕਟਰੋਨ ਦੁਆਲੇ ਘੁੰਮਦੇ ਹਨ,
ਜਾਂ ਵੱਡੇ ਰੂਪ 'ਚ ਕਿਹਾ ਜਾਵੇ ਤਾਂ ਧਰਤੀ ਸੂਰਜ ਦੁਆਲੇ ਕਿਓ ਘੁੰਮਦੀ ਹੈ, ਕਿਓ ਚੰਦ ਧਰਤੀ ਦੁਆਲੇ ਹੀ ਘੁੰਮਦਾ ਹੈ,
ਕਿਉਂ ਸੂਰਜ ਵੱਲ ਨਹੀਂ ਜਾਂਦਾ, ਭਾਵੇਂ ਕਿ ਜੀਵਨ ਕਿਓ ਧੜਕਦਾ ਹੈ, ਇਹ ਸ਼ਿਵ ਦੀ ਭਟਕਣ ਨੂੰ ਲੱਭਦੇ ਨੇ ਸ਼ਾਇਦ।

ਇਹ ਸਭ ਤਾਂ ਨਤੀਜੇ ਮਿਲਣ ਬਾਅਦ ਪਤਾ ਲੱਗੇਗਾ, ਪਰ ਤੁਹਾਨੂੰ ਭਾਰਤੀ ਟੀਵੀ ਚੈਨਲ ਦੇ ਮੂਰਖਤਾ ਭਰੇ
ਕਾਰਨਾਮਿਆਂ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਕਿੱਦਾਂ ਲੋਕਾਂ ਨੂੰ ਮੂਰਖ ਬਣਾਉਣ ਲੱਗੇ ਰਹੇ ਦਸ ਦਿਨ ਪਹਿਲਾਂ।
ਦੁਨਿਆਂ ਖਤਮ ਹੋਣ ਜਾ ਰਹੀ ਹੈ, ਵਿਗਿਆਨਕ ਤਜਰਬਾ ਕਰਕੇ ਲੋਕਾਂ ਨੂੰ ਮਾਰਨ ਲੱਗੇ ਨੇ, ਧਰਤੀ ਦਾ
ਨਾਸ਼ ਕਰਨਗੇ ਆਦਿ, ਸਭ ਚੈਨਲ ਨੇ ਚੰਗੀ ਤਰ੍ਹਾਂ ਨਿੰਦਿਆਂ ਇਸ ਨੂੰ, ਹੁਣ ਜਦ ਠੀਕ-ਠਾਕ ਹੋ ਗਿਆ ਹੈ ਤਾਂ
ਇਸ ਨੂੰ ਵੇਦਾਂ ਦਾ ਵਿਗਿਆਨ ਹੀ ਦੱਸਦੇ ਨੇ, ਨਟਰਾਜ ਦੀ ਮੂਰਤੀ ਦੀ ਮਹਿਮਾ ਹੀ ਗਾਉਣ ਲੱਗੇ ਹੋਏ ਸਨ, ਹੋਰ ਪਤਾ
ਨੀਂ ਕੀ ਕੀ? ਖ਼ੈਰ ਇਹ ਚੈਨਲਾਂ ਨੇ ਆਪਣਾ ਤੋਰੀ-ਫੁਲਕਾ ਚਲਾਉਣਾ ਹੈ, ਭਾਵੇਂ ਕੋਈ ਵੀ ਖ਼ਬਰ ਹੋਵੇ।
ਪਰ ਇਹ ਤਜਰਬੇ ਨੇ ਇਨਸਾਨ ਦੀ ਜਿੰਦਗੀ ਕਿੰਨੀ ਬਦਲਣੀ ਹੈ, ਅਤੇ ਕੀ ਕੁਝ ਹੋਰ ਸਿਖਾਉਣਾ ਹੈ,
ਅਤੇ ਉਹ ਸਭ ਭਵਿੱਖ 'ਚ ਕੀ ਫਾਇਦਾ ਦੇਵੇਗਾ, ਇਹ ਹਾਲੇ ਅਣਜਾਣ ਹੈ ਹੀ ਹੈ, ਪਰ
ਮੇਰੇ ਬਾਪੂ ਜੀ ਦੇ ਮੁਤਾਬਕ ਡਿਸਕਵਰੀ (ਖੋਜ) ਅਸਲ 'ਚ ਕੁਝ ਨੀਂ, ਬੱਸ ਕਿਸੇ ਨੂੰ ਜਾਣਦਾ ਦਾ ਨਾਂ
ਹੈ, ਜੋ ਚੀਜ਼ ਕੱਲ੍ਹ ਵੀ ਸੀ, ਅੱਜ ਵੀ ਹੈ, ਭਲਕ ਵੀ ਰਹੇਗੀ ਉਂਝ ਹੀ, ਬੱਸ ਆਪਾਂ ਨੂੰ ਜਾਣ ਲਿਆ,
ਸਮਝ ਲਿਆ, ਇਸਕਰਕੇ ਖੋਜ ਹੋ ਗਈ, ਜਿਵੇਂ ਕਿ ਆਕਸੀਜਨ ਦੀ ਖੋਜ ਦੋ ਕੁ ਸਦੀਆਂ
ਪਹਿਲਾਂ ਹੋਈ, ਪਰ ਆਕਸੀਜਨ ਤਾਂ ਹਮੇਸ਼ਾ ਆਦਿ-ਯੁੱਗ ਤੋਂ ਰਹੀ ਹੈ ਨਾਲ ਆਪਣੇ,
ਬੱਸ ਕੁਝ ਜਾਣਾਗੇ ਕੁਝ ਨਵਾਂ, ਜਿਸ ਨੂੰ ਆਪਣੀ, ਆਉਣ ਵਾਲੀਆਂ ਨਸਲਾਂ ਦਾ ਵਿਕਾਸ ਹੋਵੇਗਾ

ਸਕੂਨ ਦੀ ਸ਼ਾਮ ਫੇਰ ਪਰਤੀ...

ਅੱਜ ਬੜੇ ਚਿਰਾਂ ਬਾਅਦ ਅੱਜ ਫੇਰ ਟਰਾਂਸਲੇਸ਼ਨ ਕੀਤੀ ਅਤੇ ਬੜਾ ਵਧੀਆ ਟਾਈਮ
ਰਿਹਾ ਤਰਕਾਲਾਂ ਦਾ। ਕੁਝ ਕੁ ਕੰਮ ਸੀ ਗਨੋਮ ਅਤੇ ਢੇਰ ਸਾਰਾ ਕੇਡੀਈ ਦਾ।
ਗਨੋਮ ਅਤੇ ਕੇਡੀਈ ਲਈ ਕੁਝ ਗਲਤੀਆਂ ਦੂਰ ਕਰਨ ਵਾਲੀਆਂ ਸਨ, ਗਨੋਮ ਪਾਵਰ
ਮੈਨੇਜਰ ਸਭ ਤੋਂ ਮਾੜੀ ਹਾਲਤ 'ਚ ਸੀ ਅਤੇ ਕੇਡੀਈ 'ਚ ਇੱਕ ਗੰਭੀਰ ਗਲਤੀ ਸੀ,
ਜਿਸ ਨੂੰ ਅਣਲਾਕ ਨੂੰ ਅਣਜਾਣ ਲਿਖਿਆ ਹੋਇਆ ਸੀ, ਸੋ ਇਹ ਠੀਕ ਕੀਤੀਆਂ।

ਫੇਰ ਿਦਲ ਅਜਿਹਾ ਲੱਗਾ ਕਿ ਕੇਡੀਈ ਦੀਆਂ ਕੁਝ ਐਪਲੀਕੇਸ਼ਨ ਦੀ ਟਰਾਂਸਲੇਸ਼ਨ ਖਤਮ
ਕਰ ਦਿੱਤੀ। ਗਨੋਮ ਲਈ ਚੀਜ਼ (ਵੈੱਬ-ਕੈਮ) ਐਪਲੀਕੇਸ਼ਨ ਦਾ ਅਨੁਵਾਦ ਕੀਤਾ।

ਪਤਾ ਨੀਂ ਕਿਓ, ਪਰ ਮੈਨੂੰ ਟਰਾਂਸੇਲਸ਼ਨ ਕਰਕੇ ਸਭ ਤੋਂ ਵੱਧ ਆਨੰਦ ਆਉਦਾ ਹੈ ਅਤੇ
ਕਹਿ ਸਕਦੇ ਹਾਂ ਕਿ ਮੇਰੇ ਸ਼ੌਕ ਹੈ ਅਨੁਵਾਦ ਕਰਨਾ, ਹੁਣ ਗਾਣੇ ਸੁਣਨ ਤੋਂ ਬਾਅਦ
ਇਸ ਦਾ ਹੀ ਨੰਬਰ ਆਉਦਾ ਹੈ।

ਫਾਇਰਫਾਕਸ 3 - ਪੰਜਾਬੀ ਵਿੱਚ!

ਇਸ ਵਾਰ ਫਾਇਰਫਾਕਸ 3 ਪੰਜਾਬੀ ਵਿੱਚ ਰੀਲਿਜ਼ ਹੋ ਗਿਆ ਹੈ (ਕੱਲ੍ਹ)।

ਕੱਲ੍ਹ ਡਾਊਨੋਲਡ ਦਾ ਇਹ ਆਲਮ ਸੀ ਕਿ ਭਾਰਤ ਵਿੱਚ ਸਵੇਰ ਤੋਂ ਹੀ ਇਹ ਸਾਈਟ ਖੁੱਲ੍ਹ ਹੀ ਨਹੀਂ ਸੀ ਰਹੀ।
ਮੌਜੀਲਾ ਨੇ ਬਹੁਤ ਵਧੀਆ ਚਾਰਟ/ਗਰਾਫ਼ ਦਿੱਤਾ ਹੋਇਆ ਸੀ। ਅੱਜ ਦੀ ਰਿਪੋਰਟ ਮੁਤਾਬਕ 8 ਮਿਲੀਅਨ
(80 ਲੱਖ ਡਾਊਨਲੋਡ) 24 ਘੰਟਿਆਂ ਵਿੱਚ ਹੋਏ।
ਡਾਊਨਲੋਡ ਬਾਰੇ ਜਾਣਕਾਰੀ ਲਈ ਵੇਖੋ: ਵਰਲਡ ਰਿਕਾਰਡ

---
ਤਕਨੀਕੀ ਡਾਟਾ:
ਕੁੱਲ ਡਾਊਨਲੋਡ : 83 ਟੈਰਾਬਾਈਟ
17000 ਡਾਊਨਲੋਡ ਪ੍ਰਤੀ ਮਿੰਟ ਜਾਂ 283 ਡਾਊਨਲੋਡ ਪ੍ਰਤੀ ਸਕਿੰਟ!
ਵੱਧੋ-ਵੱਧ ਸਰਵਰ ਆਉਟਪੁੱਟ: 20 ਗੀਗਾਬਾਈਟ ਪ੍ਰਤੀ ਸਕਿੰਟ
---


ਇਸ ਵਿੱਚ ਇਹ ਸਾਰੇ ਪਲੇਟਫਾਰਮਾਂ ਲਈ ਰੀਲਿਜ਼ ਹੋਇਆ ਹੈ ਅਤੇ ਇੱਕਲੀ ਪੰਜਾਬੀ ਹੀ ਭਾਰਤੀ ਭਾਸ਼ਾ ਹੈ,
ਜਿਸ ਵਾਸਤੇ ਇਹ ਸਭ ਪਲੇਟਫਾਰਮਾਂ ਵਾਸਤੇ ਰੀਲਿਜ਼ ਹੋਇਆ ਹੈ। ਇਸ ਵਾਰ ਦੇ ਅਨੁਵਾਦ ਵਿੱਚ
ਹੋਰ ਚੀਜ਼ਾਂ ਤੋਂ ਇਲਾਵਾ ਕੁਝ ਮੁੱਢਲੇ ਵੈੱਬ ਸਾਈਟ ਪੇਜ਼ ਵੀ ਪੰਜਾਬੀ ਵਿੱਚ ਉਪਲੱਬਧ ਹਨ!
ਇਸ ਵਾਰ ਅਨੁਵਾਦ ਨੂੰ ਹੋਰ ਸੌਖਾਲਾ ਕਰਨ ਲਈ ਬਹੁਤ ਸ਼ਬਦ ਆਮ ਬੋਲ ਚਾਲ ਦੀ ਭਾਸ਼ਾ
ਮੁਤਾਬਕ ਰੱਖੇ ਗਏ ਹਨ
ਝਰੋਖਾ - > ਵਿੰਡੋ
ਕਾਰਜ - > ਐਪਲੀਕੇਸ਼ਨ
ਵਧੇਰੇ ਜਾਣਕਾਰੀ ਲਈ http://code.google.com/p/gurmukhi/wiki/PunjabiTraslationPhase2 ਵੇਖੋ।

ਡਾਊਨਲੋਡ:
http://www.mozilla.com/en-US/firefox/all.html


ਵਿੰਡੋਜ਼: http://download.mozilla.org/?product=firefox-3.0&os=win&lang=pa-IN
ਮੈਕ: http://download.mozilla.org/?product=firefox-3.0&os=osx&lang=pa-IN
ਲੀਨਕਸ: http://download.mozilla.org/?product=firefox-3.0&os=linux&lang=pa-IN

ਇਸ ਵਾਰ ਖਾਸ ਗੱਲ਼ ਇਹ ਰਹੀ ਹੈ, ਮੈਕ ਦੀ ਘਾਟ, ਜੋ ਕਿ ਪਿਛਲੀ ਵਾਰ ਖਿਟਕਦੀ ਰਹੀ, ਉਸ ਵਾਸਤੇ ਟੀਮ
ਵਿੱਚੋਂ 3 ਤੋਂ 4 ਮਸ਼ੀਨਾਂ ਰਹੀਆਂ ਅਤੇ ਤੁਹਾਡੇ ਲੋਕਾਂ ਦਾ ਲਗਾਤਾਰ ਜਵਾਬ ਦੇਣ ਕਰਕੇ ਇਹ ਰੀਲਿਜ਼ ਸੰਭਵ ਹੋ ਸਕਿਆ।
ਡਾਊਨਲੋਡ ਕਰਕੇ ਚਲਾਉਣ ਤੋਂ ਬਾਅਦ ਕੁਝ ਵੈੱਬਸਾਈਟ ਪੰਜਾਬੀ ਵਿੱਚ ਵੇਖਾਈ ਦੇਣਗੀਆਂ।

ਪੰਜਾਬੀ ਟੀਮ:
ਇਸ ਵਾਰ ਤੁਹਾਡਾ ਸਭ ਦਾ ਬਹੁਤ ਯੋਗਦਾਨ ਰਿਹਾ, ਫੇਰ ਵੀ ਮੈਂ ਕੁਝ ਵੀਰਾਂ ਦਾ ਖਾਸ ਤੌਰ ਉੱਤੇ
ਧੰਨਵਾਦ ਕਰਨਾ ਚਾਹੁੰਦਾ ਹਾਂ, ਜਿੰਨ੍ਹਾਂ ਖਾਸ ਤੌਰ ਉੱਤੇ ਅੱਪਡੇਟ ਦਿੱਤੇ, ਆਪਣੇ ਰੁਝੇਵੇਂ ਭਰੀ ਜਿੰਦਗੀ
ਵਿਚੋਂ ਟਾਈਮ ਕੱਢ ਕੇ ਸਾਡਾ ਸਾਥ ਦਿੱਤਾ:
Arvinder Kang
ਗਰੇਵਾਲ ਰਾਏਕੋਟੀ (Pav Grewal)

ਹਰੇਕ ਟੈਸਟ ਰੀਲਿਜ਼ ਦੌਰਾਨ ਇਨ੍ਹਾਂ ਨੇ ਯੋਗਦਾਨ ਦਿੱਤਾ ਅਤੇ ਇਹਨਾਂ ਦੀ ਮੱਦਦ
ਨਾਲ ਪੰਜਾਬੀ ਟੀਮ ਨੇ ਲਿਟਮਸ ਟੈਸਟਿੰਗ ਵੀ ਪੂਰੀ ਕੀਤੀ ਹੈ!
ਉਮੀਦ ਹੈ ਕਿ ਭਵਿੱਖ ਵਿੱਚ ਵੀ ਤੁਹਾਡਾ ਸਭ ਦਾ ਸਹਿਯੋਗ ਇਸੇਤਰ੍ਹਾਂ ਬਣਿਆ ਰਹੇਗਾ।

ਕੁਝ ਬਟਨ ਅਤੇ ਲੋਗੋ ਤੁਸੀਂ ਵੀ ਡਾਊਨਲੋਡ ਕਰਕੇ ਲਗਾ ਸਕਦੇ ਹੋ!
">http://www.spreadfirefox.com/?q=affiliates/homepage


ਅਖੀਰ ਵਿੱਚੋਂ ਡਾਊਨਲੋਡ ਕਰਨ, ਵਰਤਣ ਅਤੇ ਸਾਨੂੰ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ
ਅਤੇ ਹਮੇਸ਼ਾ ਵਾਂਗ ਕੋਈ ਸੁਝਾਅ, ਕਮੀ ਪੇਸ਼ੀ ਜਾਂ ਸਿਕਾਇਤ ਹੋਵੇ ਤਾਂ ਮੇਲਿੰਗ ਲਿਸਟ ਉੱਤੇ ਭੇਜਣ
ਦੀ ਖੇਚਲ ਕਰਨੀ।

ਪੰਜਾਬੀ ਫਾਇਰਫਾਕਸ ਦੀ ਖ਼ਬਰ ਮਹਾਂਰਾਸ਼ਟਰ ਦੇ ਅਖ਼ਬਾਰ ਦੀ ਸੁਰਖੀ - ਵਧਾਈਆਂ

ਹਾਂ ਜੀ, ਫਾਇਰਫਾਕਸ ਦੇ ਪੰਜਾਬੀ ਵਿੱਚ ਰੀਲਿਜ਼ ਹੋਣ ਦੀ ਖ਼ਬਰ ਮਹਾਂਰਾਸ਼ਟਰ ਦੇ
ਡੀਐਨਏ ਅਖ਼ਬਾਰ ਵਿੱਚ ਰੰਗਦਾਰ ਪੇਜ਼ ਉੱਤੇ ਛਪੀ ਹੈ, ਬਿਲਕੁਲ, ਜੇ ਯਕੀਨ
ਨਹੀਂ ਆਉਦਾ ਤਾਂ ਏਥੇ ਵੇਖੋ

ਮੇਰੇ ਘਰ ਪੂਨੇ ਵਿੱਚ ਇਹ ਰੋਜ਼ਾਨਾ ਆਉਣ ਵਾਲਾ ਪੇਪਰ ਹੈ, ਅੱਜ ਅਚਾਨਕ
ਮੇਰੀ ਨਿਗ੍ਹਾ ਪੈ ਗਈ, ਹੈਂ ਪੰਜਾਬੀ ਦੀ ਖ਼ਬਰ ਏਥੇ, ਬਹੁਤ ਖੁਸ਼ੀ ਹੋਈ
ਪੜ੍ਹ ਕੇ, ਖ਼ਬਰ ਵਿੱਚ ਹਿੰਦੀ 'ਚ ਰੀਲਿਜ਼ ਨਾ ਹੋਣ ਉੱਤੇ ਸਵਾਲ
ਕੀਤੇ ਗਏ ਸਨ। ਉਨ੍ਹਾਂ ਦੇ ਜਵਾਬ ਵਿੱਚ ਮੋਜ਼ੀਲਾ ਦੇ ਸਪੋਕਸ-ਮੈਨ
ਵਲੋਂ ਜਵਾਬ 'ਚ ਕਿਹਾ ਗਿਆ ਉਹ ਠੀਕ ਤਰ੍ਹਾਂ ਨਾਲ ਹੈਂਡਲ ਨਹੀਂ
ਕਰ ਸਕੇ ਅਤੇ ਉਨ੍ਹਾਂ ਨੂੰ ਹੋਰ ਮੇਹਨਤ ਕਰਨ ਦੀ ਲੋੜ ਹੈ।

ਇਸ ਸਬੰਧ ਵਿੱਚ ਮੈਂ ਉਸ ਨਾਲ ਸਹਿਮਤ ਹਾਂ, ਮੋਜ਼ੀਲਾ ਵਾਲੇ
ਕਿਸੇ ਵੀ ਭਾਸ਼ਾ ਦੀ ਖੁੱਲ੍ਹ ਕੇ ਹਿਮਾਇਤ ਨਹੀਂ ਕਰਦੇ, ਇਹ ਨਹੀਂ
ਕਰਦੇ ਕਿ ਇਹ ਭਾਸ਼ਾ ਹੀ ਕਰਨੀ ਹੈ, (ਕਿਉਂਕਿ ਉਹ ਕਦੇ ਵੀ
ਟਰਾਂਸਲੇਟਰ ਨਹੀਂ ਰੱਖਦੇ ਹਨ।)

ਦੂਜੀ ਗੱਲ ਹੈ ਕਿ ਕੁਝ ਸਮੱਸਿਆਵਾਂ ਤਾਂ ਹਨ, ਪਰ ਫਾਇਦੇ ਵੀ
ਹਨ, ਇਹ ਗੱਲ਼ ਠੀਕ ਹੈ ਕਿ ਤੁਹਾਨੂੰ ਇਹ ਢੰਗ, ਕਾਰਵਾਈ
ਰੋਜ਼ ਵੇਖਣੀ ਪੈਂਦੀ ਹੈ (ਫਾਲੋ ਕਰਨੀ ਪੈਂਦੀ ਹੈ), ਨਿੱਕੀ ਨਿੱਕੀ
ਗਲਤੀ ਦਾ ਧਿਆਨ ਰੱਖਦੇ ਹਨ, ਪਰ ਇਹੀ ਤਾਂ ਤਾਕਤ ਹੈ,
ਇਸ ਦਾ ਤਾਂ ਹੀ ਫਾਇਦਾ ਹੈ, ਤੁਹਾਨੂੰ ਤੁਹਾਡਾ ਪੈਕੇਜ ਕੇਵਲ
15 ਮਿੰਟ 'ਚ ਤਿਆਰ ਮਿਲ ਜਾਂਦਾ ਹੈ। ਇਹ ਪਰੋਸੈਸ ਹੈ,
ਸਭ ਤੋਂ ਸ਼ਾਨਦਾਰ, ਪਰ ਤੁਹਾਨੂੰ ਇਸ ਵਾਸਤੇ ਧਿਆਨ ਰੱਖਣਾ ਪੈਂਦਾ ਹੈ,
ਜੋ ਕਿ ਅਕਸਰ ਭਾਰਤੀ ਕਮਿਊਨਟੀਆਂ ਕਦੇ ਨਹੀਂ ਕਰਦੀਆਂ,
ਉਹ ਉਸ ਤੇਜ਼ੀ ਨੂੰ ਨਹੀ ਫੜਦੀਆਂ, ਉਹ ਜਤਨ ਕਰਨ ਦੀ
ਖੇਚਲ ਨਹੀਂ ਕਰਦੀਆਂ, ਜੋ ਕਰਨੇ ਚਾਹੀਦੇ ਹਨ, ਮੰਨਿਆ ਕਿ
ਪੰਜਾਬੀ ਅਤੇ ਗੁਜਰਾਤੀ ਬਹੁਤ ਚਿਰ ਪਹਿਲਾਂ ਦੀਆਂ ਭਾਸ਼ਾਵਾਂ ਹਨ,
ਪਰ ਸਿੰਹਾਲਾ (ਸ੍ਰੀਲੰਕਾ ਦੀ ਭਾਸ਼ਾ) ਕੁਝ ਚਿਰ 'ਚ ਹੀ ਧਿਆਨ ਨਾਲ
ਕਾਰਵਾਈ ਕਰਦੇ ਹੋਏ ਰੀਲਿਜ਼ ਹੋ ਚੁੱਕੀ ਹੈ।

ਖ਼ੈਰ, ਜਦੋਂ ਪਰੋਸੈੱਸ ਬਦਲਣ ਦੀ ਤਾਕਤ ਨਾ ਹੋਵੇ ਤਾਂ ਉਸ ਮੁਤਾਬਕ
ਚੱਲਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਮੋਜ਼ੀਲਾ ਵਰਗਾ ਪਰੋਸੈਸ, ਜਿਸ
ਦੇ ਸ਼ਾਨਦਾਰ ਫਾਇਦੇ ਵੀ ਹਨ। ਇਸ ਵਾਸਤੇ ਮੋਜ਼ੀਲਾ ਨੂੰ ਕੋਸਣਾ ਗਲਤ ਹੈ,
ਜੋ ਕਿ ਏਥੇ ਚੱਲ ਰਿਹਾ ਹੈ!

ਖ਼ੈਰ ਇਹ ਗੱਲਾਂ 'ਚ ਡੂੰਘੇ ਚੱਲੇ ਗਏ, ਮੈਂ ਤਾਂ ਸਿਰਫ਼ ਧਿਆਨ ਖਿੱਚਣਾ
ਚਾਹੁੰਦਾ ਸੀ ਪੰਜਾਬੀ ਅਖ਼ਬਾਰਾਂ ਦੀ ਕਿਸੇ ਨੇ ਧਿਆਨ ਰੱਖਿਆ?
ਕੀ ਕਿਸੇ ਨੇ ਗੱਲ਼ ਕੀਤੀ ਹੈ, ਪਰ ਸ਼ਾਇਦ ਨਹੀਂ। ਸਾਡੀ ਪੰਜਾਬੀ
ਟੀਮ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਹੈ ਅਜਿਹੇ ਕੰਮ ਦੀ ਅਤੇ ਉਨ੍ਹਾਂ
ਕੋਲ ਟਾਈਮ ਨੂੰ ਇਹ ਲੱਭਣ ਦਾ।
ਖ਼ੈਰ ਇੱਕ ਵਾਰ ਫੇਰ ਪੰਜਾਬੀ ਟੀਮ ਨੂੰ ਵਧਾਈਆਂ ਕਿ ਕਿਸੇ ਨੇ
ਤਾਂ ਗੱਲ਼ ਕੀਤੀ!!

ਸੋਨੇ ਦੀ ਸੰਗਲੀ ਵਾਲਾ ਗੁਲਾਮ...

ਆਪੇ ਬਣੇ ਗੁਲਾਮ, ਆਪੇ ਫਾਈਆਂ ਪਾ ਲਈਆਂ
ਆਪੇ ਪੈਰਾਂ ਵਿੱਚ ਬੇੜੀਆਂ ਪਾ ਲਈਆਂ,
ਪਹਿਲਾਂ ਰਹੇ ਗੁਲਾਮ ਨੀਲੇ ਲਾਲ ਵਾਲਿਆਂ ਦੇ
ਹੁਣ ਬਣੇ ਗੁਲਾਮ ਲਾਲ ਟੋਪਿਆਂ ਵਾਲਿਆਂ ਦੇ
ਕਦੇ ਸਾਹ ਲੈਣ ਉੱਤੇ ਪਾਬੰਦੀ ਸੀ, ਕਦੇ ਬੋਲਣ ਉੱਤੇ ਪਾਬੰਦੀ ਸੀ
ਕਦੇ ਹੁੰਦੇ ਸਾਂ ਸਰੀਰ ਬੰਨ੍ਹੇ, ਹੁਣ ਨੇ ਇਨ੍ਹਾਂ ਦਿਮਾਗ ਬੰਨ੍ਹੇ।
ਕਦੇ ਸੰਗਲ ਸਨ ਨਾਲ ਲਟਕਦੇ।
ਹੁਣ ਦਿਮਾਗ 'ਚ ਈ-ਸੰਗਲ ਨੇ ਝਟਕਦੇ।
ਬੋਲਣ ਤੋਂ ਉਹੀ ਡਰ ਹਾਲੇ ਰਹਿ ਗਿਆ।
ਗੁਲਾਮ ਹੋ ਕੇ ਅੱਜ ਫੇਰ ਰਹਿ ਗਿਆ।

ਬੋਲਣ ਤੋਂ ਡਰ ਗਿਆ ਹਾਂ ਮੈਂ,
ਪੱਥਰ ਨਾਲ ਭਰ ਗਿਆ ਹਾਂ ਮੈਂ,
ਆਪਣੀ ਜੁਬਾਨ ਨੂੰ ਸੀਅ ਲੈਣ ਦਾ ਵਾਅਦਾ ਕਰ ਬੈਠਾ।
ਗੁਆ ਆਜ਼ਾਦੀ ਆਪਣੀ, ਸੰਗਲੀ ਵਾਲਾ ਕੁੱਤਾ ਬਣ ਬੈਠਾ।
ਗੁਲਾਮੀ ਤਾਂ ਗੁਲਾਮੀ ਹੈ, ਭਾਵੇਂ ਸੋਨੇ ਦੀ ਸੰਗਲੀ ਨਾਲ ਹੋਵੇ।
ਹੱਥ ਕਟਾ ਕੇ ਆਪਣੇ ਆਲਮ ਹੁਣ ਆਪਣੇ ਖੂਨੀ ਹੁੰਝੂਆਂ ਨਾਲ ਰੋਵੇ।

ਦਿੱਤੀ ਆਜ਼ਾਦੀ ਸਾਨੂੰ ਖੂਨ ਡੋਲ ਭਗਤ ਸਿੰਘ ਹੋਰਾਂ,
ਅੱਜ ਕੀਤਾ ਸਾਨੂੰ ਗੁਲਾਮ ਇਹ ਸਮੇਂ ਦੀ ਝੂਠੀਆਂ ਲੋੜਾਂ,
ਕੀ ਬਿਨਾਂ ਇਸ ਦੇ ਨੀਂ ਸਰਦਾ, ਕੀ ਹਨ ਸਾਨੂੰ ਥੋੜ੍ਹਾਂ,

ਉੱਠ ਕੇ ਇਹ ਜੰਜ਼ੀਰ ਤੋੜਨ ਨੂੰ ਜੀ ਕਰਦਾ ਏ ਬੜਾ,
ਸਰਮਾਏਦਾਰ ਖੜਾ ਕੀਤਾ ਕਾਲਾ-ਬੋਲਾ ਵਰੋਲਾ ਖੜ੍ਹਾ,
ਨਾ ਮੈਨੂੰ ਕੁਝ ਅੱਗੇ ਦਿੱਸਦਾ ਏ, ਨਾ ਪਿੱਛੇ ਨਜ਼ਰ ਆਵੇ,
ਵਗਦਾ ਵਗਦਾ ਖਿੱਚੀ ਜਾਵੇ, ਬੱਸ ਖਿੱਚੀ ਜਾਵੇ,

ਸੋਚ ਵੀ ਮਰ ਗਈ ਮੇਰੀ, ਸੁਪਨੇ ਵੀ ਦਫ਼ਨ ਹੋ ਗਏ
ਮੇਰੀ ਜ਼ਮੀਰ ਦੀ ਨੰਗੀ ਲਾਸ਼ ਬਿਨਾਂ ਕਫ਼ਨ ਦੇ ਗਏ
ਹਾਲੇ ਕਹਿੰਦੇ ਨੇ ਉਹ ਕਿ ਮੈਂ ਉਨ੍ਹਾਂ ਨਾਲ ਧੋਖਾ ਕਰਦਾ ਹਾਂ,
ਕਿਉਂਕਿ ਉਨ੍ਹਾਂ ਦੇ ਵਿਰੁਧ ਬੋਲਣ ਦੀ ਹਿੰਮਤ ਕਰਦਾ ਹਾਂ,
ਲਿਖੇ ਦੋ ਸ਼ਬਦ ਮਰਜਾਣੀ ਅੰਗਰੇਜ਼ੀ ਦੇ, ਝੌਂਕੇ ਨੂੰ ਤੂਫਾਨ ਉਨ੍ਹਾਂ ਬਣਾ ਦਿੱਤਾ,
100 ਚੰਗਾ ਲਿਖੇ ਦਾ ਮਾਣ ਨਾ ਦਿੱਤਾ ਕਦੇ, 1 ਉਲਟ ਲਿਖੇ ਤੋਂ ਪੈਰੋ ਪੁਟਾ ਦਿੱਤਾ,

ਨੌਕਰੀਆਂ ਵੀ ਗੁਲਾਮੀ ਨੇ, ਜੋ ਮੇਰੀ ਦਾਦੀ ਸੁਣਾਉਦੀ ਸੀ,
ਮਾਸਟਰ, ਡਾਕਟਰ, ਫੌਜੀ ਸਭ ਨੂੰ "ਨੌਕਰ" ਆਖ ਬਲਾਉਦੀ ਸੀ,
ਹੱਸਦਾ ਸਾਂ ਕਿ ਕਿਉ ਉਹ ਸਭ ਨੂੰ ਇੰਝ ਕਹਿੰਦੀ ਹੈ, ਸ਼ਾਇਦ ਨਹੀਂ ਹੈ ਸਮਝਦੀ,
ਪਰ ਅੱਜ ਮੈਨੂੰ ਆਪਣੀ ਹਾਲਤ ਵੇਖ ਸਮਝ ਆਇਆ ਕਿ ਮੈਂ ਨਹੀਂ ਸਾਂ ਸਮਝਦਾ,

ਹਾਂ, ਮੈਂ ਆਪੂੰ ਬਣਿਆ ਗੁਲਾਮ, ਸੋਨੇ ਦੀ ਸੰਗਲੀ ਵਾਲਾ ਗੁਲਾਮ
ਜ਼ਮੀਰ ਮਰਿਆ ਜਿਸ ਦਾ, ਦਿਮਾਗ ਹੋਇਆ ਨਿਲਾਮ,
ਪੈਸੇ ਦੇ ਜ਼ੋਰ ਉੱਤੇ ਮਾੜਾ ਬਣਿਆ ਪਲਵਾਨ,
ਪੈਸੇ ਦੀ ਮੰਡੀ ਵਿੱਚ ਸਰਮਾਏਦਾਰ ਰੰਡੀਆਂ ਦੇ ਪਰਧਾਨ,
ਰਹਿਣਾ ਹੈ ਜੇ ਏਥੇ, ਮੱਥਾ ਟੇਕ ਕਰੋ ਸਲਾਮ,

ਪੰਜਾਬ

Gurpartap Singh - 17 August 2008 - 6:54am

ਪੰਜਾਬ ਦੀ ਧਰਤੀ ਅਤੇ ਪੰਜਾਬੀ
-- ਜਨਮੇਜਾ ਸਿੰਘ ਜੌਹਲ

ਆਜ਼ਾਦੀ ਦਿਵਸ ਅਤੇ ਪੰਜਾਬ ਦੀ ਵੰਡ..

ਅੱਜ 15 ਅਗਸਤ ਹੈ, ਜਦੋਂ ਕਿ ਭਾਰਤ ਆਜ਼ਾਦ ਹੋਏ ਨੂੰ 60 ਸਾਲ ਪੂਰੇ ਹੋ ਚੁੱਕੇ ਹਨ।
ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਵਾਲਿਆਂ ਪੰਜਾਬੀਆਂ ਨੂੰ
ਆਜ਼ਾਦੀ ਦੀ ਕੀਮਤ ਵੀ ਸਭ ਤੋਂ ਵੱਧ ਦੇਣੀ ਪਈ, ਜਦੋਂ ਕਿ ਪੰਜਾਬੀ ਕੌਮ ਨੂੰ
ਭਾਰਤ ਅਤੇ ਪਾਕਿਸਤਾਨ ਨੇ ਵੰਡ ਦਿੱਤਾ, ਪੰਜਾਬ ਦੇ ਪਾਣੀ ਵੰਡ ਦਿੱਤੇ, ਪੰਜ
ਦਰਿਆਵਾਂ ਦੀ ਸਾਂਝ ਖਤਮ ਕਰ ਦਿੱਤੀ, ਸਭਿਆਚਾਰ ਵੰਡ ਦਿੱਤਾ, ਭਾਈਚਾਰਾ
ਵੰਡਿਆ ਗਿਆ, ਉਹ ਪੰਜਾਬ, ਜੋ ਕੁਦਰਤ ਦੀ ਦੇਣ ਸੀ, ਮਨੁੱਖ ਨੇ ਵੰਡ ਦਿੱਤਾ।
ਇਹ ਦਰਦ ਪੰਜਾਬ ਦੇ ਹਿੱਸੇ ਆਇਆ ਹੈ, ਕੁਦਰਤ ਦੀ ਦੇਣ ਨੇ ਹੀ ਇਸ
ਨੂੰ ਮੁੱਢ ਕਦੀਮੋਂ ਦੋਖੀਆਂ ਦੇ ਹੱਥ ਦੇ ਛੱਡਿਆ, ਸਿਕੰਦਰ ਤੋਂ ਤੈਮੂਰ ਲੰਗ,
ਮੰਗੋਲਾਂ ਤੋਂ ਅਫਗਾਨਾਂ ਤੱਕ, ਸਭ ਨੇ ਵੱਢ ਖਾਂਦਾ, ਰਹਿੰਦੀ ਕਸਰ ਅੰਗਰੇਜ਼
ਕੱਢ ਗਏ ਅਤੇ ਪੰਜਾਬ ਨੂੰ ਵਿੱਚੋਂ ਵੱਢ ਗਏ, ਟੁਕੜਿਆਂ 'ਚ ਜਿਉਦਾ ਪੰਜਾਬ
ਅੱਜ ਤੜਪਦੇ ਹਨ, ਅਤੇ ਹੌਲੀ ਹੌਲੀ ਖਤਮ ਕਰ ਰਹੇ ਨੇ ਆਪਸੀ ਸਾਂਝ, ਬੱਸ
ਬੋਲੀ ਹੀ ਰਹਿ ਗਈ ਸਾਂਝੀ, ਖੁਦਾ ਖ਼ੈਰ ਕਰੇ ਅਤੇ ਪੰਜਾਬ ਦੀ ਸਾਂਝ ਨੂੰ, ਜੋ
ਜਿਉਦੀ ਕਰੇ, ਇਸ 14 ਅਤੇ 15 ਅਗਸਤ ਦੇ ਚੱਕਰ 'ਚੋਂ ਕੱਢ ਕੇ

No Salary hike this year...

ਇਸ ਵਰ੍ਹੇ ਤਨਖਾਹ ਵਧਾਉਣ ਤੋਂ ਰੈੱਡ ਹੈੱਟ ਨੇ ਹੱਥ ਪਿੱਛੇ ਖਿੱਚ ਲਏ ਨੇ:-(

ਪਿਛਲੇ ਸਾਲ ਵੀ ਜੁਲਾਈ ਦੀ ਬਜਾਏ ਅਕਤੂਬਰ 'ਚ ਤਨਖਾਹ ਵਧਾਈ ਸੀ ਅਤੇ ਹੁਣ
ਅਕਤੂਬਰ ਦੀ ਬਜਾਏ ਜਨਵਰੀ ਜਾਂ ਫਰਵਰੀ 'ਚ ਵਧਾਉਣ ਦੀ ਸੰਭਵਨਾ ਹੈ, ਸਿੱਧੇ ਰੂਪ
ਵਿੱਚ ਇਹ ਕਿ 3 ਸਾਲਾਂ ਵਿੱਚ 2 ਵਾਰ ਹੀ। ਲੋਕ ਕਹਿੰਦੇ ਨੇ ਕਿ ਆਈ.ਟੀ. 'ਚ ਖੜੋਤ
ਆਉਣ ਵਾਲੀ ਹੈ, ਪਰ ਜਾਪਦਾ ਹੈ ਕਿ ਰੈੱਡ ਹੈੱਟ ਦੇ ਹੱਥਾਂ ਨੂੰ ਸੇਕ ਲੱਗ ਚੁੱਕਿਆ ਹੈ।
ਪਰ ਪਿਛਲੇ ਵਰ੍ਹੇ ਵੀ ਇੰਝ ਹੀ ਕੀਤਾ ਸੀ, ਕੁੱਲ ਮਿਲਾ ਕੇ ਰੈੱਡ ਹੈੱਟ ਦੇ ਇਸ
ਗ਼ੈਰ-ਨਿਯਮਤ ਤਨਖਾਹ ਵਾਧੇ ਨੇ ਦਿਲ ਨੂੰ ਤਕਲੀਫ਼ ਦਿੱਤੀ ਹੈ ਅਤੇ ਹੁਣ
ਕੰਮ ਘੱਟ ਕਰਨ ਦਾ ਇੱਕ ਹੋਰ ਕਾਰਨ ਬਣ ਗਿਆ, ਜਦੋਂ ਕਿ ਪੂਨੇ ਵਰਗੇ
ਖਰਚੀਲੇ ਸ਼ਹਿਰ ਵਿੱਚ ਪਰਿਵਾਰ ਨਾਲ ਅੱਗੇ ਹੀ ਧੂੰਆਂ ਨਿਕਲ ਚੁੱਕਾ ਹੈ, ਉੱਥੇ
ਭਾਰਤ ਦੀ ਵੱਧਦੀ ਮਹਿੰਗਾਈ ਨਾਲ ਟਾਕਰਾ ਮੁਸ਼ਕਿਲ ਹੀ ਜਾਪਦਾ ਹੈ, ਆਉਣ
ਵਾਲੇ ਦਿਨ ਹੋਰ ਸਖਤ ਹੋਣ ਦੀ ਪੂਰੀ ਪੂਰੀ ਜਾਪਦੀ ਹੈ...

ਰੂਸ ਅਤੇ ਅਮਰੀਕਾ - ਜਾਰਜੀਆ 'ਚ ਆਹੋ-ਸਾਹਮਣੇ (ਅਪਰਤੱਖ)

ਤਾਜ਼ੀਆਂ ਖ਼ਬਰਾਂ ਮੁਤਾਬਕ ਰੂਸ ਨੇ ਜਾਰਜੀਆ ਦੇ ਗੋਰੀ ਸ਼ਹਿਰ ਉੱਤੇ ਭਾਰੀ ਬੰਬਾਰੀ ਕੀਤੀ ਹੈ।
ਅਮਰੀਕਾ ਅਤੇ ਯੂਰਪ ਦੇ ਹੋਰ ਮੁਲਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਮੈਂ ਬਹੁਤਾ ਇਸ ਘਟਨਾ
ਬਾਰੇ ਜਾਣਦਾ ਤਾਂ ਨਹੀਂ ਹਾਂ, ਪਰ ਉਨ੍ਹਾਂ ਜਰੂਰ ਜਾਣਦਾ ਹਾਂ, ਜੋ ਕਿ ਲਗਭਗ 8-9 ਸਾਲ ਪਹਿਲਾਂ
ਯੂਗੋਸਲਾਵੀਆ ਉੱਤੇ ਅਮਰੀਕਾ ਬੰਬਾਰੀ ਦੌਰਾਨ ਉਸ ਦੇ 3 ਭਾਗ ਬਣਾਏ ਸਨ ਯੂਰਪ ਅਤੇ ਅਮਰੀਕਾ
ਦੇ ਸ਼ਾਂਤੀ ਸੈਨਾਵਾਂ ਨੇ। ਖ਼ੈਰ ਸਿੱਧੇ ਰੂਪ ਵਿੱਚ ਰੂਸ ਦੀ ਕਾਰਵਾਈ ਜਾਰਜੀਆ ਦੇ ਓਸਟੀਆ ਖੇਤਰ ਵਿੱਚ ਉਸ ਦੀ ਨਕਲ ਲੱਗ ਰਹੀ ਹੈ।
ਉਸ ਸਮੇਂ ਰੂਸ ਉਸ ਦਾ ਭਾਰੀ ਵਿਰੋਧ ਕਰਦਾ ਰਿਹਾ ਕਿ ਦੇਸ਼ਾਂ ਨੂੰ ਤੋੜਨ ਦੀ ਕਾਰਵਾਈ ਠੀਕ ਨਹੀਂ, ਪਰ
ਉਨ੍ਹਾਂ ਨੇ ਕਿਸ ਅਧਾਰ ਉੱਤੇ ਕੀਤੀ, ਸ਼ਾਇਦ ਇਹੀ ਜਾਰਜੀਆ ਦੇ ਜੰਗ ਦਾ ਕਾਰਨ ਹੈ। ਸੰਯੁਕਤ ਰਾਸ਼ਟਰ
ਦੀ ਬੈਠਕ 'ਚ ਰੂਸ ਨੂੰ ਰੋਕਣ ਦੀ ਤਾਕਤ ਉਨ੍ਹੀਂ ਕੁ ਹੀ ਹੈ, ਜਿੰਨ੍ਹਾਂ ਕਿ ਅਮਰੀਕਾ ਨੂੰ (ਭਾਵ ਕਿ ਸਿਫ਼ਰ)।

ਖ਼ੈਰ ਜੰਗ ਕਦੇ ਵੀ ਚੰਗੀ ਨਹੀਂ, ਪਰ ਇਹ ਸਮਝ ਦਾ ਵੇਲਾ ਪਹਿਲਾਂ ਸੀ, ਅਤੇ ਇੱਕ ਧਿਰ ਨੂੰ ਦੂਜੇ ਤੋਂ ਪਹਿਲਾਂ
ਇਹ ਖਿਆਲ ਰੱਖਣਾ ਚਾਹੀਦਾ ਹੈ। ਇਹ ਕੰਮ ਅੱਜ ਤੋਂ ਦੱਸ ਸਾਲ ਪਹਿਲਾਂ ਕਰਨਾ ਚਾਹੀਦਾ ਸੀ, ਜਦੋਂ
ਕਲਿੰਟਨ ਨੇ ਹਮਲੇ ਦਾ ਹੁਕਮ ਦਿੱਤਾ ਸੀ ਅਤੇ ਅੱਜ ਜੋ ਵੀ ਇਰਾਕ, ਅਫਗਾਨਿਤਾਨ 'ਚ ਹੋ ਰਿਹਾ ਹੈ, ਇਹ
ਵੀ ਆਉਣ ਵਾਲੇ ਸਮੇਂ 'ਚ ਦੁਨਿਆਂ 'ਚ ਹੋਰ ਦੁੱਖ ਦੇਵੇਗਾ, ਭਾਵੇ ਕਿ ਇਸ ਦਾ ਅਹਿਸਾਸ ਹਾਲੇ ਕਈ
ਵਰ੍ਹੇ ਠੈਹਰ ਕੇ ਹੋਵੇ।

ਨਿਊਟਨ ਦਾ ਤੀਜਾ ਸਿਧਾਂਤ ਭੌਤਿਕ ਰੂਪ 'ਚ ਨਹੀਂ ਤਾਂ ਪਰ ਜਹਿਨੀ ਤੌਰ ਉੱਤੇ ਲਾਗੂ ਹੁੰਦਾ ਹਾ ਸੰਸਾਰ
ਭਰ 'ਚ। ਹਰੇਕ ਐਕਸ਼ਨ ਲਈ ਰਿਐਕਸ਼ਨ ਹੁੰਦਾ ਹੈ। ਇਸ ਵਾਸਤੇ ਜਾਰਜੀਆ ਵਰਗੇ 'ਰਿਐਕਸ਼ਨ"
ਰੋਕਣ ਲਈ ਕੁਝ ਖਾਸ ਨਹੀਂ, ਕੇਵਲ ਐਕਸ਼ਨ ਨਾ ਕਰਨ ਦੀ ਲੋੜ ਹੈ।

"ਜੰਗ ਰਹੇ ਔਰ ਅਮਨ ਭੀ ਹੋ, ਯੇ ਕੈਸੇ ਮੁਨਕਿਨ ਹੈ, ਤੁਮ ਭੀ ਕਹੋ..."
Syndicate content